ਅੰਮਿ੍ਰਤਸਰ/ਜੰਡਿਆਲਾ ਗੁਰੂ /ਭਿੱਖੀਵਿੰਡ/ ਖਾਲੜਾ/ (ਹਰਿੰਦਰ ਪਾਲ ਸਿੰਘ, ਲਖਵਿੰਦਰ ਸਿੰਘ ਗੋਲਣ, ਰਣਬੀਰ ਸਿੰਘ ਗੋਲਣ) : ਪੰਜਾਬ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਨੇ ਅੱਤਵਾਦ ਵਿਰੋਧੀ ਆਪ੍ਰੇਸ਼ਨ ’ਚ ਇੱਕ ਹੋਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਇਸ ਦੀ ਜਾਣਕਾਰੀ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਆਈ ਐਸ ਆਈ ਦੀ ਮਦਦ ਨਾਲ ਚੱਲ ਰਹੇ ਮਾਡਿਊਲ ਦੇ 4 ਅੱਤਵਾਦੀਆਂ ਨੂੰ ਵੱਡੀ ਅਸਲਾ ਖੇਪ ਨਾਲ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਪੁਲਸ ਮੁਤਾਬਕ ਇਹ ਗਰੋਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਇਸ਼ਾਰੇ ’ਤੇ ਕੰਮ ਕਰਦਾ ਸੀ ਤੇ ਪੰਜਾਬ ’ਚ ਅਸ਼ਾਂਤੀ ਪੈਦਾ ਕਰਨਾ ਚਾਹੁੰਦਾ ਸੀ। ਮੁਲਜ਼ਮਾਂ ਕੋਲੋਂ ਇਕ ਐੱਮਪੀ-4 ਰਾਈਫਲ, 17 ਪਿਸਤੌਲ, 10 ਮੈਗਜ਼ੀਨ, 700 ਗੋਲਾ ਬਾਰੂਦ, ਇਕ ਕਰੋੜ ਤੋਂ ਜ਼ਿਆਦਾ ਦੀ ਨਗਦੀ ਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀ ਜੀ ਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੁਲਸ ਪੰਜਾਬ ’ਚ ਅਸ਼ਾਂਤੀ ਫੈਲਾਉਣ ਵਾਲਿਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਫੜੇ ਗਏ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਪਿੰਡ ਬਰਵਾਲਾ ਜਿਲ੍ਹਾ ਤਰਨ ਤਾਰਨ, ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ ਦੋਵੇਂ ਵਾਸੀ ਵਲਟੋਹਾ ਜਿਲ੍ਹਾ ਅੰਮਿ੍ਰਤਸਰ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜੇ ’ਚੋਂ 1.01 ਕਰੋੜ ਰੁਪਏ ਦੀ ਨਗਦੀ, 500 ਗ੍ਰਾਮ ਹੈਰੋਇਨ, 17 ਪਿਸਤੌਲ ਸਮੇਤ 400 ਜਿੰਦਾ ਕਾਰਤੂਸ, ਇਕ ਐਮ ਪੀ-4 ਰਾਈਫਲ ਸਮੇਤ 300 ਜਿੰਦਾ ਕਾਰਤੂਸ, ਦੋ ਤੋਲਣ ਵਾਲੀਆਂ ਮਸ਼ੀਨਾਂ ਅਤੇ ਦੋ ਕਰੰਸੀ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਹਨ।





