ਚੰਡੀਗੜ੍ਹ (ਗੁਰਜੀਤ ਬਿੱਲਾ)- ਭਾਰਤੀ ਹਵਾਈ ਫੌਜ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਏਅਰਬੇਸ ’ਤੇ 90ਵਾਂ ਸਥਾਪਨਾ ਦਿਵਸ ਮਨਾਇਆ। ਇਸ ਦੌਰਾਨ ਹਵਾਈ ਸੈਨਾ ਦੇ ਜਵਾਨਾਂ ਅਸਮਾਨ ’ਚ ਕਰਤੱਬ ਦਿਖਾਏ। ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਪੁੱਜੇ। ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਐਲਾਨ ਕੀਤਾ ਕਿ ਹਵਾਈ ਫੌਜ ’ਚ ਇੱਕ ਨਵੀਂ ਅਪਰੇਸ਼ਨਲ ਬਰਾਂਚ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਜ਼ਮੀਨ ਅਧਾਰਤ ਅਤੇ ਹਵਾ ’ਚੋਂ ਲਾਂਚ ਕੀਤੇ ਗਏ ਹਥਿਆਰ ਪ੍ਰਣਾਲੀਆਂ ਵਰਗੇ ਡਰੋਨ, ਮਿਜ਼ਾਇਲਾਂ ਆਦਿ ਨੂੰ ਸੰਭਾਲੇਗੀ। ਚੌਧਰੀ ਨੇ ਕਿਹਾ ਕਿ ਇਹ ਐਲਾਨ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਹਵਾਈ ਫੌਜ ’ਚ ਇੱਕ ਹਥਿਆਰ ਪ੍ਰਣਾਲੀ ਸ਼ਾਖਾ ਨੂੰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਨਾਂਅ ‘ਵੇਪੰਸ ਸਿਸਟ ਬ੍ਰਾਂਚ’ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦ ਇੱਕ ਨਵੀਂ ਅਪਰੇਸ਼ਨ ਸ਼ਾਖਾ ਹਵਾਈ ਫੌਜ ’ਚ ਬਣਾਈ ਜਾ ਰਹੀ ਹੈ। ਇਸ ਦੀਆਂ ਚਾਰ ਪ੍ਰਮੁੱਖ ਬਰਾਂਚਾਂ ਹੋਣਗੀਆਂ, ਜਿਸ ’ਚ ਪਹਿਲੀ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਮਿਜ਼ਾਇਲ ਹੋਵੇਗੀ। ਦੂਜੀ ਧਰਤੀ ਤੋਂ ਹਵਾ ’ਚ ਮਾਰ ਕਰਨ ਵਾਲੀ, ਤੀਜੀ ਰਿਮੋਟਲੀ ਪਾਇਲੇਟਿਡ ਏਅਰਰਾਫਟ ਹੋਣਗੇ। ਇਸ ਤੋਂ ਇਲਾਵਾ ਚੌਥੀ ਸ਼ਾਖਾ ’ਚ ਟਿਵਨ ਐਂਡ ਮਲਟੀ ਕਰੂ ਏਅਰਕ੍ਰਾਫਟ ਦੇ ਵੈਪਨ ਸਿਸਟਮ ਅਪਰੇਟਰ ਨੂੰ ਸ਼ਾਮਲ ਕੀਤਾ ਜਾਵੇਗਾ। ਹਵਾਈ ਫੌਜ ਦੇ ਮੁਖੀ ਮੁਤਾਬਕ ਅਗਨੀਵੀਰ ਯੋਜਨਾ ਦੇ ਤਹਿਤ ਮਹਿਲਾ ਉਮੀਦਵਾਰਾਂ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹ ਅਗਲੇ ਸਾਲ ਤੋਂ ਮਹਿਲਾ ਅਗਨੀਵੀਰਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ। ਸ਼ੁਰੂਆਤੀ ਟਰੇਨਿੰਗ ਲਈ 3000 ਅਗਨੀਵੀਰ ਸ਼ਾਮਲ ਕਰਨ ਦੀ ਯੋਜਨਾ ਹੈ।





