ਗੁਰਦਾਸਪੁਰ : ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਤੇ ਸੁੱਖਾ ਚਿੜਾ ’ਚ ਗੈਂਗਸਟਰ ਤੇ ਪੁਲਸ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਪੁਲਸ ਨੇ ਗੈਂਗਸਟਰ ਰਣਜੋਧ ਸਿੰਘ ਬਬਲੂ ਨੂੰ ਜ਼ਖਮੀ ਹਾਲਤ ’ਚ ਗਿ੍ਰਫਤਾਰ ਕਰ ਲਿਆ ਹੈ। ਇਸ ਦੌਰਾਨ ਕ੍ਰਾਸ ਫਾਇਰਿੰਗ ਵੀ ਹੋਈ, ਜਿਸ ’ਚ ਗੈਂਗਸਟਰ ਨੂੰ ਗੋਲੀ ਵੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਪੁਲਸ ਉਸ ਦੇ ਪਿੱਛੇ ਘਰ ਤੋਂ ਹੀ ਲੱਗੀ ਸੀ। ਜਿਸ ਤੋਂ ਬਾਅਦ ਉਹ ਪਿੰਡ ਕੋਟਲਾ ਬੋਝਾ ਸਿੰਘ ’ਚ ਗੰਨੇ ਦੇ ਖੇਤਾਂ ’ਚ ਲੁਕ ਗਿਆ। ਉਥੇ ਮੁਕਾਬਲੇ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਗੈਂਗਸਟਰ ਨੇ 30 ਅਤੇ ਪੁਲਸ ਨੇ 40 ਫਾਇਰ ਕੀਤੇ। ਫੜੇ ਗਏ ਗੈਂਗਸਟਰ ਬਬਲੂ ਤੋਂ 2 ਹਥਿਆਰ ਵੀ ਬਰਾਮਦ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ’ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਬਟਾਲਾ ਦੇ ਐੱਸ ਐੱਸ ਪੀ ਸਤਿੰਦਰ ਸਿੰਘ ਨੇ ਕਿਹਾ ਕਿ ਰਣਜੋਧ ਬਬਲੂ ’ਤੇ ਪਿਛਲੇ 15 ਦਿਨਾਂ ’ਚ ਕਈ ਕੇਸ ਦਰਜ ਕੀਤੇ ਗਏ। ਪੁਲਸ ਨੂੰ ਪਿੱਛਾ ਕਰਦੇ ਦੇਖ ਉਹ ਮੋਟਰਸਾਈਕਲ ਸੜਕ ’ਤੇ ਸੁੱਟ ਕੇ ਖੇਤਾਂ ’ਚ ਲੁਕ ਗਿਆ ਸੀ। ਐੱਸ ਐੱਸ ਪੀ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਵੱਡਾ ਅਪਰੇਸ਼ਨ ਹੈ ਕਿਉਂਕਿ ਅਸੀਂ ਇਸ ਨੂੰ ਜਿਊਂਦਾ ਫੜਿਆ। ਇਹ ਸਵੇਰ ਤੋਂ ਭੱਜ ਰਿਹਾ ਸੀ। ਇਸ ਖਿਲਾਫ਼ 12 ਮੁਕੱਦਮੇ ਦਰਜ ਹਨ। ਗੋਲੀਆਂ ਲੱਗਣ ਕਾਰਨ ਇਹ ਜ਼ਖ਼ਮੀ ਹੈ, ਇਸ ਦਾ ਇਲਾਜ ਕਰਵਾ ਕੇ ਅੱਗੇ ਦੀ ਪੁੱਛਤਾਛ ਕੀਤੀ ਜਾਵੇਗੀ। ਪੁਲਸ ਨੇ ਇਸ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਸੀ, ਪਰ ਉਹ ਇਹ ਨਹੀਂ ਮੰਨਿਆ। ਜਿਸ ਤੋਂ ਬਾਅਦ ਪੁਲਸ ਨਾਲ ਮੁਕਾਬਲੇ ’ਚ ਦਬੋਚਿਆ ਗਿਆ। ਗੈਂਗਸਟਰ ਬਬਲੂ ਅੰਮਿ੍ਰਤਸਰ ਦਾ ਰਹਿਣ ਵਾਲਾ ਹੈ। ਮੁਲਜ਼ਮ ਰਣਜੋਧ ਸਿੰਘ ਉਰਫ ਬਬਲੂ ’ਤੇ 7 ਕੇਸ ਦਰਜ ਹਨ, ਜਿਨ੍ਹਾਂ ’ਚੋਂ ਚਾਰ ਅੰਮਿ੍ਰਤਸਰ ਤੇ 3 ਬਟਾਲਾ ਪੁਲਸ ਨੇ ਦਰਜ ਕੀਤੇ ਹਨ। ਦੋ ਪਿਸਤੌਲਾਂ ਵੀ ਬਰਾਮਦ ਹੋਈਆਂ ਹਨ। ਬਬਲੂ ਦੀ ਪਿੱਠ ’ਚ ਗੋਲੀ ਲੱਗੀ ਹੋਈ ਹੈ। ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੇ ਪੁਲਸ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ।





