ਸਰਕਾਰ ਵਧਦੇ ਗੁੱਸੇ ਨੂੰ ਅਣਡਿੱਠ ਨਹੀਂ ਕਰ ਸਕਦੀ : ਅਮਰਜੀਤ ਕੌਰ

0
8

ਲੁਧਿਆਣਾ (ਐੱਮ ਐੱਸ ਭਾਟੀਆ)-ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਸੰਸਦ ਮਾਰਚ ਦੇ ਸੱਦੇ ਨੂੰ ਮਿਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਸ਼ਾਨਦਾਰ ਪ੍ਰਤੀਕਿਰਿਆ ਦਾ ਸਵਾਗਤ ਕੀਤਾ ਹੈ।ਜੰਤਰ-ਮੰਤਰ, ਸੰਸਦ ਮਾਰਗ, ਟਾਲਸਟਾਏ ਮਾਰਗ ਅਤੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਇੱਕ ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ‘’ਤੇ ਏਟਕ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਇਹ ਸੱਦਾ ਏ ਆਈ ਐੱਸ ਐੱਫ ਅਤੇ ਹੋਰ ਸੰਘਰਸ਼ਸ਼ੀਲ ਵਿਦਿਆਰਥੀ-ਨੌਜਵਾਨ ਸੰਗਠਨਾਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਜੰਤਰ-ਮੰਤਰ ‘ਤੇ ਚੱਲ ਰਹੇ ਸੰਘਰਸ਼ ਦੇ ਤਹਿਤ ਦਿੱਤਾ ਗਿਆ ਸੀ।ਮਾਰਚ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਪਹੁੰਚੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਸੀ।ਉਹ ਖ਼ਰਾਬ ਸਿੱਖਿਆ ਪ੍ਰਣਾਲੀ, ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਿਆਂ ਅਤੇ ਸਰਕਾਰੀ ਨੌਕਰੀਆਂ ਦੀਆਂ ਭਰਤੀਆਂ ਵਿੱਚ ਪ੍ਰੀਖਿਆ ਪ੍ਰਣਾਲੀ ਅੰਦਰ ਫੈਲੇ ਡੂੰਘੇ ਭ੍ਰਿਸ਼ਟਾਚਾਰ ਦੇ ਵਿਰੁੱਧ ਇਕਜੁੱਟ ਹੋਏ ਸਨ। ਬੇਰੁਜ਼ਗਾਰੀ ਬੇਹੱਦ ਗੰਭੀਰ ਪੱਧਰ ‘ਤੇ ਪਹੁੰਚ ਚੁੱਕੀ ਹੈ ਅਤੇ ਨੌਜਵਾਨਾਂ ਦੇ ਜੀਵਨ ਵਿੱਚ ਅਸੁਰੱਖਿਆ ਵੀ ਇੱਕ ਵੱਡਾ ਮੁੱਦਾ ਬਣ ਗਈ ਹੈ। ਇਹ ਗੁੱਸਾ ਉਸ ਵੇਲੇ ਹੋਰ ਵਧ ਗਿਆਸ ਜਦੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਵਿਗਿਆਨੀ ਸੋਨਮ ਵਾਂਗਚੁਕ ਨੂੰ ਉਸ ਥਾਂ ਤੋਂ ਹਟਾ ਦਿੱਤਾ ਗਿਆ, ਜਿੱਥੇ ਉਹ ਸਿੱਖਿਆ ਮੰਤਰੀ ਦੀ ਜਵਾਬਦੇਹੀ ਦੀ ਮੰਗ ਦੇ ਸਮਰਥਨ ਵਿੱਚ 20 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹੋਏ ਸਨ। ਨੀਟ ਪੇਪਰ ਲੀਕ ਕਾਂਡ ਤੋਂ ਬਾਅਦ 20 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ।ਇਹ ਸੱਤਾਧਾਰੀ ਪਾਰਟੀ ਲਈ ਇੱਕ ਸਪੱਸ਼ਟ ਚੇਤਾਵਨੀ ਹੈ ਕਿ ਹੁਣ ਉਹ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਵਧਦੇ ਗੁੱਸੇ ਨੂੰ ਅਣਡਿੱਠਾ ਨਹੀਂ ਕਰ ਸਕਦੀ।ਸਰਕਾਰ ਕੁਝ ਚੁਨਿੰਦਾ ਕਾਰਪੋਰੇਟ ਘਰਾਣਿਆਂ, ਖ਼ਾਸ ਕਰਕੇ ਅਡਾਨੀ ਅਤੇ ਅੰਬਾਨੀ ਦੇ ਹਿੱਤਾਂ ਦੀ ਸੇਵਾ ਕਰ ਰਹੀ ਹੈ। ਨਾਲ ਹੀ ਅਮਰੀਕਾ ਅਤੇ ਯੂਰਪੀ ਸੰਘ ਨਾਲ ਹੋ ਰਹੇ ਵਪਾਰਕ ਸਮਝੌਤਿਆਂ ਰਾਹੀਂ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਰਾਸ਼ਟਰ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨ ਪਹਿਲਾਂ ਹੀ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਨਿਆਂ ਲਈ ਵਿਦਿਆਰਥੀਆਂ ਦਾ ਅੱਗੇ ਆਉਣਾ ਇੱਕ ਬਹੁਤ ਹੀ ਸਕਾਰਾਤਮਕ ਸੰਕੇਤ ਹੈ।