ਏ ਆਈ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ : ਬੈਂਸ

0
5

ਚੰਡੀਗੜ੍ਹ, (ਗੁਰਜੀਤ ਬਿੱਲਾ, ਸੁਰਜੀਤ ਸੁਮਨ)
ਸਕੂਲੀ ਸਿੱਖਿਆ ਵਿੱਚ ਅਹਿਮ ਤਬਦੀਲੀ ਲਿਆਉਣ ਦੇ ਉਦੇਸ਼ ਨਾਲ, ਪੰਜਾਬ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨੂੰ ਮੁੱਖ ਵਿਸ਼ੇ ਵਜੋਂ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ‘ਸਰਬੱਤ.ਏਆਈ’ ਪ੍ਰੋਜੈਕਟ ਤਹਿਤ ਪੜਾਅਵਾਰ ਤਰੀਕੇ ਨਾਲ ਇਸ ਪਾਠਕ੍ਰਮ ਨੂੰ ਲਾਗੂ ਕਰੇਗਾ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਡੇ ਸੂਬਾ-ਪੱਧਰੀ ਏ ਆਈ ਸਿੱਖਿਆ ਮਿਸ਼ਨਾਂ ਵਿੱਚੋਂ ਇੱਕ ਹੈ ਅਤੇ ਪੰਜਾਬ ਨੂੰ ਭਵਿੱਖੀ ਸਿੱਖਿਆ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਸਥਾਪਿਤ ਕਰਦਾ ਹੈ।ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਮਿਲ ਕੇ ਸਿੱਖਿਆ ਮਾਹਿਰਾਂ, ਤਕਨਾਲੋਜੀ ਭਾਈਵਾਲਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਸ੍ਰੀ ਬੈਂਸ ਨੇ ਕਿਹਾ, ‘ਸਿੱਖਿਆ ਪਾਠਕ੍ਰਮ ਸਿੰਗਾਪੁਰ, ਫਿਨਲੈਂਡ, ਯੂਏਈ ਅਤੇ ਅਮਰੀਕਾ ਤੋਂ ਕੌਮਾਂਤਰੀ ਬਹਿਤਰੀਨ ਅਭਿਆਸਾਂ ਦਾ ਅਧਿਐਨ ਉਪਰੰਤ ਵਿਕਸਤ ਕੀਤਾ ਗਿਆ ਹੈ। ਇਸਨੂੰ ਯੂਨੈਸਕੋ ਦੇ ਐਥੀਕਲ ਏ ਆਈ ਫਰੇਮਵਰਕ ਨਾਲ ਜੋੜਿਆ ਗਿਆ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਿਆਰਾਂ ਦੀ ਤਰਜ਼ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ, ਸੁਰੱਖਿਅਤ ਅਤੇ ਨੈਤਿਕ ਵਰਤੋਂ ਸਿੱਖਣਾ ਯਕੀਨੀ ਬਣਾਇਆ ਜਾ ਸਕੇ।’ ਹਰਜੋਤ ਬੈਂਸ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਨਾਲ ਏ ਆਈ ਨੂੰ ਜੋੜਿਆ ਜਾਵੇਗਾ।ਵਿਦਿਆਰਥੀਆਂ ਨੂੰ ਲਾਈਵ ਆਨਲਾਈਨ ਕਲਾਸਾਂ, ਰਿਕਾਰਡ ਕੀਤੇ ਲੈਕਚਰਾਂ, ਪ੍ਰੋਜੈਕਟ-ਆਧਾਰਿਤ ਸਿਖਲਾਈ, ਨਿਰੰਤਰ ਮੁਲਾਂਕਣ ਅਤੇ ਇੱਕ ਸਮਰਪਿਤ ਲਰਨਿੰਗ ਮੈਨੇਜਮੈਂਟ ਸਿਸਟਮ (ਐਲ ਐਮ ਐਸ) ਰਾਹੀਂ ਸਿਖਲਾਈ ਦਿੱਤੀ ਜਾਵੇਗੀ।ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਏ ਆਈ ਸਿੱਖਿਆ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਤੋਂ 25,172 ਸਕੂਲਾਂ ਅਤੇ 31.5 ਲੱਖ ਵਿਦਿਆਰਥੀਆਂ ਨੂੰ ਲਾਭ ਮਿਲੇਗਾ।ਪਹਿਲੇ ਪੜਾਅ ਵਿੱਚ 12,424 ਕੰਪਿਊਟਰ ਸਾਇੰਸ ਅਧਿਆਪਕ ਇਸ ਦੇ ਲਾਗੂਕਰਨ ਦੀ ਅਗਵਾਈ ਕਰਨਗੇ, ਜਦਕਿ ਸਾਰੇ ਵਿਸ਼ਿਆਂ ਦੇ 2 ਲੱਖ ਤੋਂ ਵੱਧ ਅਧਿਆਪਕਾਂ ਨੂੰ ਪੜ੍ਹਾਉਣ, ਸਿੱਖਣ ਅਤੇ ਮੁਲਾਂਕਣ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਲਈ ਹੌਲੀ-ਹੌਲੀ ਸਿਖਲਾਈ ਦਿੱਤੀ ਜਾਵੇਗੀ।ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, ‘ਪੰਜਾਬ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਇਤਿਹਾਸ ਰਚ ਦਿੱਤਾ ਹੈ ਅਤੇ ਆਪਣੇ ਆਪ ਨੂੰ ਏਆਈ ਸਿੱਖਿਆ ਲਈ ਇੱਕ ਕੌਮੀ ਮਾਪਦੰਡ ਵਜੋਂ ਸਥਾਪਿਤ ਕੀਤਾ ਹੈ।ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਸਿਰਫ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਹੀ ਨਹੀਂ, ਸਗੋਂ ਇਸ ਨਾਲ ਨਵੀਨੀਕਰਨ, ਏ.ਆਈ. ਨਾਲ ਸਿਰਜਣ ਅਤੇ ਤਕਨਾਲੋਜੀ-ਅਧਾਰਤ ਭਵਿੱਖ ਵਿੱਚ ਅਗਵਾਈ ਕਰਨ ਲਈ ਤਿਆਰ ਕਰਨ ਲਈ ਰਾਜ ਦੀ ਵਚਨਬੱਧਤਾ ਦੀ ਨੂੰ ਦੁਹਰਾਉਂਦਾ ਹੈ।’ ਪੀ ਐੱਸ ਈ ਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਏ ਆਈ ਨੂੰ ਪੰਜਾਬ ਦੇ ਮੌਜੂਦਾ ਲਾਜ਼ਮੀ ਕੰਪਿਊਟਰ ਸਾਇੰਸ ਪਾਠਕ੍ਰਮ ਦੇ ਮੁੱਖ ਹਿੱਸੇ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਸਾਇੰਸ ਵਿਸ਼ੇ ਦੇ ਨਤੀਜੇ ਹੁਣ ਵਿਦਿਆਰਥੀਆਂ ਦੇ ਬੋਰਡ ਸਰਟੀਫਿਕੇਟਾਂ ‘ਤੇ ਵੀ ਦਰਜ ਹੋਣਗੇ। ਉਨ੍ਹਾਂ ਅੱਗੇ ਕਿਹਾ, ‘ਸਵਾਲ ਇਹ ਨਹੀਂ ਹੈ ਕਿ ਕੀ ਏ.ਆਈ. ਸਿੱਖਿਆ ਨੂੰ ਆਕਾਰ ਦੇਵੇਗੀ, ਸਗੋਂ ਇਹ ਹੈ ਕਿ ਅਸੀਂ ਇਸ ਨੂੰ ਜ਼ਿੰਮੇਵਾਰੀ ਅਤੇ ਦੂਰਅੰਦੇਸ਼ੀ ਨਾਲ ਕਿਵੇਂ ਆਕਾਰ ਦਿੰਦੇ ਹਾਂ।’ ਇਸ ਪੈਨਲ ਵਿੱਚ ਨੀਵ ਏਆਈ ਤੋਂ ਸ੍ਰੀ ਅਰਜੁਨ ਬੇਦੀ, ਇੰਟੇਲ ਤੋਂ ਸ੍ਰੀਮਤੀ ਸ਼ਵੇਤਾ ਖੁਰਾਨਾ, ਗੂਗਲ ਤੋਂ ਸ੍ਰੀ ਹੇਮੰਤ ਭੱਲਾ, ਐਮਾਜ਼ਾਨ ਵੈੱਬ ਸਰਵਿਸਿਜ਼ ਤੋਂ ਪ੍ਰਦੀਪ ਝੁਨਝੁਨਵਾਲਾ, ਕੈਨਵਾ ਤੋਂ ਸ੍ਰੀਮਤੀ ਸਾਗਰੀ ਚੈਟਰਜੀ ਅਤੇ ਐਫਏਏਆਈ ਤੋਂ ਸ੍ਰੀਮਤੀ ਆਯੁਸ਼ੀ ਆਨੰਦ ਸ਼ਾਮਲ ਸਨ, ਜਿਨ੍ਹਾਂ ਨੇ ਏਆਈ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਪ੍ਰੀਖਿਆ ਵਿੱਚ ਪੱਖਪਾਤ ਨਾ ਹੋਣਾ ਯਕੀਨੀ ਬਣਾਉਣ ਲਈ ਉਪਾਅ ਸੁਝਾਏ।ਇਸ ਮੌਕੇ ਡਾਇਰੈਕਟਰ ਸਕੂਲ ਸਿੱਖਿਆ (ਸੀਨੀਅਰ ਸੈਕੰਡਰੀ) ਐਸ ਐਸ ਬੱਲ, ਡਾਇਰੈਕਟਰ ਐੱਸ ਸੀ ਈ ਆਰ ਟੀ ਮੈਡਮ ਕਿਰਨ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।