ਸ਼ਾਹਕੋਟ (ਗਿਆਨ ਸੈਦਪੁਰੀ) : ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੁੱਧਵਾਰ ਪੰਜਾਬ ਭਰ ‘ਚ ਟੋਲ ਪਲਾਜ਼ੇ 3 ਘੰਟੇ ਲਈ ਫ੍ਰੀ ਕਰਵਾਏ ਗਏ। ਜ਼ਿਲ੍ਹਾ ਜਲੰਧਰ ਅਤੇ ਮੋਗਾ ਦੇ ਕਿਸਾਨਾਂ ਵੱਲੋਂ ਦਰਿਆ ਸਤਲੁਜ ਦੇ ਕਾਵਾਂ ਵਾਲੇ ਪੱਤਣ ਦੇ ਨਾਲ ਲੱਗਦੇ ਟੋਲ ਪਲਾਜ਼ੇ ਨੂੰ ਟੋਲ ਮੁਕਤ ਕੀਤਾ ਗਿਆ। ਤੈਅ ਸਮੇਂ ਅਨੁਸਾਰ ਇੱਥੇ 3 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪੰਜਾਬ ਦੀ ਜਵਾਨੀ ਦੇ ਵਿਦੇਸ਼ਾਂ ਵਿੱਚ ਵੱਸ ਜਾਣ ਦੇ ਰੁਝਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਉੱਥੇ ਪ੍ਰਦੂਸ਼ਣ ਦੇ ਵਧਣ, ਧਰਤੀ ਹੇਠਲੇ ਪਾਣੀ ਦੇ ਪੱਧਰ ਤੇ ਨਸ਼ਿਆ ਦੇ ਮਾਰੂ ਅਸਰ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਬੁਲਾਰਿਆਂ ਦੱਸਿਆ ਕਿ ਪਿਛਲੇ ਸਮੇਂ ਲੈਂਡ ਪੂਲਿੰਗ ਦੀ ਨੀਤੀ ਕਿਸਾਨਾਂ, ਮਜ਼ਦੂਰਾਂ ਦੇ ਵੱਡੇ ਵਿਰੋਧ ਕਾਰਨ ਰੱਦ ਕਰਨੀ ਪਈ ਸੀ। ਉਸ ਨੀਤੀ ਵਿੱਚ ਕੁਝ ਸੋਧਾਂ ਕਰਕੇ ਦੁਬਾਰਾ ਲੋਕ-ਮਾਰੂ ਕਦਮ ਚੁੱਕਿਆ ਜਾ ਰਿਹਾ ਹੈ। ਇਸ ਨੀਤੀ ਤਹਿਤ ਪੰਜਾਬ ਦੀ ਉਪਜਾਊ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਵੇਗੀ। ਇਹ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਨ ਵਾਲਾ ਕਦਮ ਹੋਵੇਗਾ। ਇਹ ਨੀਤੀ ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਉਜਾੜਾ ਤਾਂ ਕਰੇਗੀ ਹੀ, ਨਾਲ ਹੀ ਪਿੰਡਾਂ ਦੀ ਸਮਾਜਿਕ ਬਣਤਰ ਅਤੇ ਪੰਜਾਬ ਦੇ ਸੱਭਿਆਚਾਰ ‘ਤੇ ਵੀ ਨਾਂਹ-ਪੱਖੀ ਅਸਰ ਪਵੇਗਾ। ਦੂਸਰੇ ਪਾਸੇ ਮੋਦੀ ਸਰਕਾਰ ਪੂਰੀ ਤਰਾਂ ਟਰੰਪ ਅੱਗੇ ਗੋਡੇ ਟੇਕੀ ਬੈਠੀ ਹੈ। ਭਾਰਤ ਵਿੱਚ ਆਮ ਤੌਰ ‘ਤੇ ਛੋਟੀ ਕਿਸਾਨੀ ਖੇਤੀ ਕਰਦੀ ਹੈ। ਇਹ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੀ। ਟੋਲ਼ ਮੁਕਤ ਕਰਨ ਦੇ ਐਕਸ਼ਨ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਏਕੇ ਨੂੰ ਮਜ਼ਬੂਤ ਕਰਨ ਦਾ ਵੀ ਅਹਿਦ ਕੀਤਾ। ਕਾਵਾਂ ਵਾਲੇ ਪੱਤਣ ‘ਤੇ ਇਕੱਤਰ ਹੋਈਆਂ ਜਥੇਬੰਦੀਆਂ ਵਿੱਚ ਕੁਲ ਹਿੰਦ ਕਿਸਾਨ ਸਭਾ (ਦੋਵੇਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਬੀ ਕੇ ਯੂ (ਕ੍ਰਾਂਤੀਕਾਰੀ), ਬੀ ਕੇ ਯੂ (ਕਾਦੀਆਂ), ਬੀ ਕੇ ਯੂ (ਪੰਜਾਬ), ਬੀ ਕੇ ਯੂ (ਲੱਖੋਵਾਲ), ਜਮਹੂਰੀ ਕਿਸਾਨ ਸਭਾ ਤੇ ਬੀ ਕੇ ਯੂ (ਖਹਿਰਾ) ਆਦਿ ਸ਼ਾਮਲ ਸਨ। ਟੋਲ਼ ਪਲਾਜ਼ੇ ‘ਤੇ ਹੋਏ ਇੱਕਠ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਕੁਲ ਹਿੰਦ ਕਿਸਾਨ ਸਭਾ (1936) ਦੇ ਸੀਨੀਅਰ ਆਗੂ ਸੂਰਤ ਸਿੰਘ ਧਰਮਕੋਟ, ਸੰਦੀਪ ਅਰੋੜਾ ਮਹਿਤਪੁਰ, ਗੁਰਮੀਤ ਸਿੰਘ ਡੋਡ, ਮੋਹਣ ਸਿੰਘ ਬੱਲ (ਬੀ ਕੇ ਯੂ ਉਗਰਾਹਾਂ), ਵਰਿੰਦਰਪਾਲ ਸਿੰਘ ਕਾਲਾ, ਧਰਮਿੰਦਰ ਸਿੰਘ (ਕੁਲ ਹਿੰਦ ਕਿਸਾਨ ਸਭਾ), ਬਲਦੇਵ ਸਿੰਘ ਜੋਸਨ, ਬੂਟਾ ਸਿੰਘ ਮੁਰੀਦਵਾਲ ਬੀ ਕੇ ਯੂ (ਲੱਖੋਵਾਲ), ਸੁਰਜੀਤ ਸਿੰਘ ਬੀ ਕੇ ਯੂ (ਡਕੌਂਦਾ), ਮੇਜਰ ਸਿੰਘ (ਜਮਹੂਰੀ ਕਿਸਾਨ ਸਭਾ), ਸਤਨਾਮ ਸਿੰਘ ਢੁੱਡੀਕੇ (ਕਿਰਤੀ ਕਿਸਾਨ ਯੂਨੀਅਨ), ਸੁਖਵਿੰਦਰ ਸਿੰਘ (ਬੀ ਕੇ ਯੂ ਰਾਜੇਵਾਲ), ਕੁਲਜੀਤ ਸਿੰਘ (ਬੀ ਕੇ ਯੂ ਕਾਦੀਆਂ), ਜਸਵੰਤ ਸਿੰਘ (ਬੀ ਕੇ ਯੂ), ਗੁਰਦੇਵ ਸਿੰਘ (ਉਗਰਾਹਾਂ), ਜੱਸਾ ਸਿੰਘ (ਰਾਜੇਵਾਲ), ਬਲਦੇਵ ਸਿੰਘ (ਲੱਖੋਵਾਲ), ਰਮਨਦੀਪ ਸਿੰਘ ਸਮਰਾ ਤੇ ਭੁਪਿੰਦਰ ਸਿੰਘ (ਮੋਗਾ) ਸ਼ਾਮਲ ਸਨ। ਰੋਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਫਤਿਹਪੁਰ, ਜਤਿੰਦਰ ਸਿੰਘ ਫਤਿਹਪੁਰ, ਬਲਕਾਰ ਸਿੰਘ ਫਾਜਲਵਾਲ, ਜਸਵੀਰ ਸਿੰਘ, ਨਿੱਕੂ ਧੰਜੂ, ਸੁਖਵਿੰਦਰ ਸਿੰਘ ਕਾਂਗਣਾ, ਬੂੜ ਸਿੰਘ ਜੋਧਾ, ਰੂਪਾ ਜੋਧਾ, ਕਰਮਜੀਤ ਦੰਮਣ, ਗੁਲਜ਼ਾਰ ਸਿੰਘ, ਸੰਤੋਖ ਸਿੰਘ ਸਿੰਧੜ, ਸੋਨੂੰ ਬਾਜਵਾ, ਮੰਗਲ ਸਿੰਘ ਕੋਠਾ ਤੇ ਕਰਨਦੀਪ ਸਿੰਘ ਆਦਿ ਮੌਜੂਦ ਸਨ।





