ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪ੍ਰਮੁੱਖ ਨੇਤਾਵਾਂ ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ ਅਤੇ ਜਗਰੂਪ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸੀ ਪੀ ਆਈ ਪੰਜਾਬ ਸਰਕਾਰ ਅਤੇ ਹੋਰ ਸੰਬੰਧਤ ਐਡਮਨਿਸਟਰੇਟਿਵ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹੈ ਕਿ ਇਸ ਮਹੀਨੇ ਦੇ ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਤੋਂ ਪੰਜਾਬ ਵਿੱਚ ਦੌਰੇ ‘ਤੇ ਆਏ ਇੱਕ ਲਾਅ ਅਟਾਰਨੀ ਜਸਪ੍ਰੀਤ ਸਿੰਘ ਵੱਖ-ਵੱਖ ਯੂਨੀਵਰਸਿਟੀਆਂ, ਜਿਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 14 ਜੁਲਾਈ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ 15 ਜੁਲਾਈ ਨੂੰ ਆਯੋਜਿਤ ਕੀਤੇ ਪ੍ਰੋਗਰਾਮਾਂ ਵਿੱਚ ਮੁੱਖ ਰੂਪ ਵਿੱਚ ਸ਼ਿਰਕਤ ਕਰ ਚੁੱਕੇ ਹਨ। ਉਹਨਾ ਵੱਲੋਂ ਅੰਮ੍ਰਿਤਸਰ ਦੀ ਯੂਨੀਵਰਸਿਟੀ ਵਿਖੇ ਸਿੱਖ ਸਟੱਡੀ ਚੇਅਰ ਵੀ 2025 ਵਿੱਚ ਸਥਾਪਤ ਕੀਤੀ ਦੱਸੀ ਜਾਂਦੀ ਹੈ। ਉਹਨਾ ਵੱਲੋਂ ਤਿੰਨ ਕਰੋੜ ਰੁਪਏ ਵੀ ਯੂਨੀਵਰਸਿਟੀ ਨੂੰ ਡੋਨੇਟ ਕੀਤੇ ਗਏ ਹਨ। ਅੰਗਰੇਜ਼ੀ ਅਖਬਾਰ ‘ਦਾ ਟ੍ਰਿਬਿਊਨ’ ਵਿੱਚ 15 ਜੁਲਾਈ ਨੂੰ ਛਪੀ ਖਬਰ ਵਿੱਚ ਦੱਸਿਆ ਗਿਆ ਹੈ ਕਿ ਜਸਪ੍ਰੀਤ ਸਿੰਘ ਅਮਰੀਕਾ ਵਿੱਚ 18 ਸਿੱਖ ਟੈਂਪਲਜ਼ ਦੇ ਸਲਾਹਕਾਰ ਹਨ। ਇਹ ਵੀ ਦੱਸਿਆ ਗਿਆ ਹੈ ਕਿ ਉਹਨਾ ਵੱਲੋਂ ਡੀਪੋਰਟੇਸ਼ਨ ਅਤੇ ਅਸਾਈਲਮ ਭਾਵ ਪਨਾਹ ਦੇ ਕੇਸਾਂ ਨੂੰ ਹੈਂਡਲ ਕੀਤਾ ਜਾਂਦਾ ਹੈ ਅਤੇ ਉਹ 10 ਹਜ਼ਾਰ ਅਜਿਹੇ ਕੇਸ ਹੈਂਡਲ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਉਹਨਾ ਦੇ ਯੂਨੀਵਰਸਿਟੀ ਸਮਾਗਮਾਂ ਵਿੱਚ ਜਿੱਥੇ ਵਾਈਸ ਚਾਂਸਲਰ ਤਾਂ ਹੋਣੇ ਹੀ ਸਨ, ਉੱਥੇ ਹੀ ਮੰਤਰੀ ਵੀ ਸ਼ਾਮਿਲ ਸਨ। ਪੰਜਾਬ ਸੀ ਪੀ ਆਈ ਨੇ ਚਿੰਤਾ ਜ਼ਾਹਰ ਕਰਦੇ ਹੋਏ ਨੋਟ ਕੀਤਾ ਹੈ ਕਿ ਜਿਹੜੀ ਸ਼ਖਸੀਅਤ ਅਮਰੀਕਾ ਵਿੱਚ ਪਨਾਹ ਲੈਣ ਵਾਲੇ ਵਿਅਕਤੀਆਂ ਦੀ ਪੈਰਵਾਈ ਕਰਦੀ ਹੈ, ਉਹਨਾਂ ਪਨਾਹ ਲੈਣ ਵਾਲਿਆਂ ਦਾ ਪਿਛੋਕੜ ਕੀ ਹੈ, ਉਹਨਾਂ ਨੂੰ ਉੱਥੇ ਪਨਾਹ ਕਿਉਂ ਲੈਣੀ ਪਈ। ਅਜਿਹੇ ਸੰਦਰਭ ਵਿੱਚ ਦੇਖਣਾ ਬਣਦਾ ਹੈ ਕਿ ਪੰਜਾਬ ਅਤੇ ਦੇਸ਼ ਦੇ ਕਿਹੋ ਜਿਹੇ ਵਿਅਕਤੀਆਂ ਵੱਲੋਂ ਉੱਥੇ ਪਨਾਹ ਲਈ ਜਸਪ੍ਰੀਤ ਸਿੰਘ ਪਾਸੋਂ ਲੀਗਲ ਮਦਦ ਲਈ ਜਾਂਦੀ ਹੈ। ਪੰਜਾਬ ਵਿੱਚ ਨੇੜ ਭਵਿੱਖ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਬੀਤੇ ਵਿੱਚ ਬਹੁਤ ਸੰਤਾਪ ਹੰਢਾ ਚੁੱਕਿਆ ਹੈ। ਸੀ ਪੀ ਆਈ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਇਸ ਸਭ ਕੁਝ ਨੂੰ ਗੰਭੀਰਤਾ ਨਾਲ ਵੇਖੇ ਕਿ ਇਹ ਸਾਰਾ ਕੁਝ ਸੂਬੇ ਦੇ ਹਿੱਤਾਂ ਦੇ ਅਨੁਕੂਲ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਕੜੀਆਂ ਜੁੜਨ ਦੇ ਸ਼ੱਕ ਦੀ ਗੁੰਜਾਇਸ਼ ਹੋਵੇ ਤਾਂ ਉਸ ਦੀ ਵੀ ਸਮੀਖਿਆ ਕਰਨੀ ਬਣਦੀ ਹੈ।




