ਮੁੰਬਈ : ਪੇਪਰ ਲੀਕ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਦਾ ਸਮਰਥਨ ਕਰਨ ਵਾਲੀ ਮੁੰਬਈ ਦੀ ਸਲੇਟੀ ਰੰਗ ਦੀ ਹੂਡੀ ਪਾਈ ਮਾਡਲ ਰੀਆ ਅਹੀਰ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਹੜੀ ਵੀਡੀਓ ‘ਚ ਪੁਲਸ ਵੈਨ ਨੂੰ ਰੋਕਣ ਲਈ ਆਪਣੇ ਹੱਥ ਫੈਲਾ ਕੇ ਮਜ਼ਬੂਤੀ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਅਹੀਰ ਦਾਦਰ ਦੇ ਕੋਹਿਨੂਰ ਸਕੁਏਅਰ ਤੋਂ ਸ਼ਿਵਾਜੀ ਪਾਰਕ ਵੱਲ ਪੈਦਲ ਜਾ ਰਹੀ ਸੀ, ਜਦੋਂ ਉਸ ਨੇ ਨਜ਼ਰਬੰਦਾਂ ਨਾਲ ਭਰੀ ਪੁਲਸ ਵੈਨ ਦੇਖੀ। 27 ਸਾਲਾ ਅਹੀਰ ਇੱਕ ਮਾਡਲ ਹੈ। ਉਸ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਲੋਕਾਂ ਨੂੰ ਗਲਤ ਢੰਗ ਨਾਲ ਹਿਰਾਸਤ ‘ਚ ਲਿਆ ਗਿਆ। ਉਸ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ, ਉਨ੍ਹਾਂ ਦੇ ਨਾਅਰਿਆਂ ਨੇ ਮੈਨੂੰ ਆਪਣੇ ਵੱਲ ਖਿੱਚਿਆ। ਉਹ ਉਨ੍ਹਾਂ ਨੂੰ ਦੂਰ ਲਿਜਾ ਰਹੇ ਹਨ ਅਤੇ ਮੈਂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੀ ਸੀ।’ ਉਹ ਉਦੋਂ ਤੱਕ ਵੈਨ ਦੇ ਸਾਹਮਣੇ ਰਹੀ, ਜਦੋਂ ਤੱਕ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਨਹੀਂ ਕਰ ਦਿੱਤਾ ਗਿਆ।



