ਪੀ ਆਰ ਟੀ ਸੀ ਮੈਨੇਜਮੈਂਟ ਵਾਜਬ ਮਸਲਿਆਂ ਨੂੰ ਲਗਾਤਾਰ ਅਣਡਿੱਠ ਕਰ ਰਹੀ : ਧਾਲੀਵਾਲ

0
7

ਪਟਿਆਲਾ (ਨ ਜ਼ ਸ)-ਵੀਰਵਾਰ ਇੱਥੇ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਨਸੀਬ ਚੰਦ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਪੀ ਆਰ ਟੀ ਸੀ ਮੈਨੇਜਮੈਂਟ ਵਰਕਰਾਂ ਦੇ ਅਨੇਕਾਂ ਕਾਨੂੰਨੀ ਅਤੇ ਵਾਜਬ ਮਸਲਿਆਂ ਨੂੰ ਲਗਾਤਾਰ ਅਣਡਿੱਠ ਕਰ ਰਹੀ ਹੈ।ਚਿਰਾਂ ਤੋਂ ਲਟਕਦੀਆਂ ਵਰਕਰਾਂ ਦੀਆਂ ਸੌ ਫੀਸਦੀ ਲਾਗੂ ਕਰਨ ਯੋਗ ਮੰਗਾਂ ਨੂੰ ਵੀ ਗੈਰ-ਜ਼ਿੰਮਵਾਰਾਨਾ ਤਰੀਕੇ ਨਾਲ ਠੰਢੇ ਬਸਤੇ ਵਿੱਚ ਸੁੱਟ ਕੇ ਵਰਕਰਾਂ ਨੂੰ ਟਿੱਚ ਜਾਣਿਆ ਜਾ ਰਿਹਾ ਹੈ, ਜਿਸ ਕਰਕੇ ਸਰਕਾਰ ਦੇ ਹੁਕਮ ਸਰਕੂਲਰ ਜਾਂ ਕਾਇਦੇ-ਕਾਨੂੰਨ ਵੀ ਲਾਗੂ ਕਰਵਾਉਣ ਲਈ ਵਰਕਰਾਂ ਨੂੰ ਅਦਾਲਤਾਂ ਦੇ ਰਾਹ ਪੈਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਨਾਲ ਵਰਕਰਾਂ ਦਾ ਜਿੱਥੇ ਵਿੱਤੀ ਨੁਕਸਾਨ ਹੁੰਦਾ ਹੈ, ਉੱਥੇ ਅਦਾਰੇ ਵੱਲੋਂ ਵੀ ਵਕੀਲਾਂ ਦੀਆਂ ਬਿਨਾਂ ਵਜ੍ਹਾ ਫੀਸਾਂ ਉਤਾਰੀਆਂ ਜਾਂਦੀਆਂ ਹਨ ਅਤੇ ਮੈਨ ਪਾਵਰ ਵੀ ਬੇਲੋੜੇ ਤੌਰ ‘ਤੇ ਅਦਾਲਤਾਂ ਦੇ ਚੱਕਰ ਕੱਟਦੀ ਹੈ, ਜਦ ਕਿ ਸਰਕਾਰ ਵੱਲੋਂ ਸਪੱਸ਼ਟ ਹਦਾਇਤਾਂ ਹਨ ਕਿ ਇਕੋ ਜਿਹੇ ਤੱਥਾਂ ਵਾਲਾ ਕੋਈ ਵੀ ਮਸਲਾ ਜੋ ਇੱਕ ਕੇਸ ਵਿੱਚ ਵੀ ਜੇਕਰ ਲਾਗੂ ਕਰ ਲਿਆ ਗਿਆ ਹੈ ਤਾਂ ਬਾਕੀ ਸਭਨਾ ਕੇਸਾਂ ਦਾ ਫੈਸਲਾ ਵੀ ਉਸੇ ਤਰ੍ਹਾਂ ਵਿਭਾਗੀ ਤੌਰ ‘ਤੇ ਕਰ ਦਿੱਤਾ ਜਾਣਾ ਚਾਹੀਦਾ ਹੈ, ਪਰ ਪੀ ਆਰ ਟੀ ਸੀ ਵਿੱਚ ਅਜਿਹਾ ਨਹੀਂ ਕੀਤਾ ਜਾਦਾ।ਭਾਵੇਂ ਅੱਜ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਇਹ ਤਾਂ ਦੱਸਿਆ ਗਿਆ ਕਿ ਇੱਕ ਹਫਤੇ ਵਿੱਚ ਵਿੱਚ ਜਿਹਨਾਂ ਸਿੱਧੇ ਠੇਕੇ ਅਧੀਨ ਕੰਮ ਕਰਦੇ ਵਰਕਰਾਂ ਨੇ ਰੈਗੂਲਰ ਹੋਣ ਸੰਬੰਧੀ ਕੋਰਟ ਵਿੱਚ ਕੇਸ ਨਹੀਂ ਕੀਤਾ, ਉਨ੍ਹਾਂ ਨੂੰ ਵੀ ਰੈਗੂਲਰ ਕੀਤਾ ਜਾ ਰਿਹਾ ਹੈ।ਐਕਸ਼ਨ ਕਮੇਟੀ ਦੇ ਆਗੂਆਂ ਨੇ ਸਖਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੋਧੇ ਹੋਏ ਟੀ ਏ/ ਡੀ ਏ ਰੇਟ ਅਜੇ ਤੱਕ ਲਾਗੂ ਨਾ ਕਰਨਾ, 01-01-2004 ਤੋਂ ਬਾਅਦ ਭਰਤੀ ਹੋਏ ਕੁਝ ਕੁ ਵਰਕਰਾਂ ਨੂੰ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਸੇਵਾ-ਮੁਕਤ ਕਰਮਚਾਰੀਆਂ ਨੂੰ 2 ਸਾਲਾ ਬਾਅਦ ਇੱਕ ਬੇਸਿਕ ਪੇਅ ਦੇ ਬਰਾਬਰ ਮਿਲਣਯੋਗ ਯਾਤਰਾ ਭੱਤਾ ਲਾਗੂ ਨਾ ਕਰਨਾ, ਸੇਵਾ-ਮੁਕਤ ਵਰਕਰਾਂ ਦੇ ਸੇਵਾ-ਮੁਕਤੀ ਲਾਭ ਅਤੇ ਵਰਕਰਾਂ ਦੇ ਹੋਰ ਕਰੋੜਾਂ ਰੁਪਏ ਦੇ ਬਕਾਏ ਨਾ ਦੇਣੇ ਆਦਿ ਸੰਬੰਧੀ ਵਰਕਰਾਂ ਵਿੱਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ, ਕਿਉਂਕਿ ਵਰਕਰਾਂ ਦੇ ਇਨ੍ਹਾਂ ਹੱਕਾਂ ਨੂੰ ਦੇਣ ਲਈ ਮੈਨੇਜਮੈਂਟ ਉਕਾ ਹੀ ਸੰਜੀਦਾ ਨਹੀਂ। ਅਖਬਾਰਾਂ ਵਿੱਚ ਪੀ ਆਰ ਟੀ ਸੀ ਦੀਆਂ ਕੁਝ ਕੀਮਤੀ ਜਾਇਦਾਦਾਂ ਵੇਚਣ ਦੀ ਲੱਗੀ ਹੋਈ ਖਬਰ ਨੇ ਵਰਕਰਾਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਕਿ ਇਸ ਤਰ੍ਹਾਂ ਜਿਹੜੀਆਂ ਜਾਇਦਾਦਾਂ ਦੀ ਪੀ ਆਰ ਟੀ ਸੀ ਨੂੰ ਵਰਤੋਂ ਲਈ ਲੋੜ ਪੈਣ ਦੀ ਸੰਭਾਵਨਾ ਸਾਹਮਣੇ ਨਜ਼ਰ ਆਉਂਦੀ ਹੋਵੇ, ਉਨ੍ਹਾਂ ਨੂੰ ਵੇਚਣਾ ਕਿਸੇ ਤਰ੍ਹਾਂ ਵੀ ਅਦਾਰੇ ਦੇ ਹਿੱਤ ਵਿੱਚ ਨਹੀਂ, ਨਾ ਹੀ ਅਜਿਹਾ ਕਰਨਾ ਚੰਗੇ ਪ੍ਰਬੰਧ ਦੀ ਨਿਸ਼ਾਨੀ ਹੈ। ਐਕਸ਼ਨ ਕਮੇਟੀ ਨੇ ਚੇਅਰਮੈਨ ਪੀ ਆਰ ਟੀ ਸੀ ਨੂੰ ਅਪੀਲ ਕੀਤੀ ਕਿ ਉਹ ਉਚਿਤ ਦਖਲ ਦਿੰਦੇ ਹੋਏ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਵਾਉਣ, ਤਾਂ ਕਿ ਵਰਕਰਾਂ ਨੂੰ ਐਜੀਟੇਸ਼ਨਾਂ ਦੇ ਰਾਹ ‘ਤੇ ਨਾ ਪੈਣਾ ਪਵੇ।