ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਤ 90 ਫ਼ੀਸਦੀ ਸਟਾਫ਼ ਹੜਤਾਲ ‘ਤੇ ਚੱਲ ਰਿਹਾ ਹੈ। ਇਸ ਕਾਰਨ ਪੰਜਾਬ ਭਰ ‘ਚ ਬਿਜਲੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ।ਅਜਿਹੇ ‘ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਹੜਤਾਲੀ ਮੁਲਾਜ਼ਮਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਚਿਤਾਵਨੀ ਦਿੰਦੇ ਹੋਏ ‘ਨੋ ਵਰਕ, ਨੋ ਪੇਅ’ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਇਸ ‘ਚ ਸਾਫ਼ ਤੌਰ ‘ਤੇ ਲਿਖਿਆ ਗਿਆ ਹੈ ਕਿ ਹੜਤਾਲ ‘ਤੇ ਰਹਿਣ ਵਾਲੇ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਲਗਾਉਂਦੇ ਹੋਏ ਜਿੰਨੇ ਦਿਨਾਂ ਤੱਕ ਮੁਲਾਜ਼ਮ ਕੰਮ ‘ਤੇ ਨਹੀਂ ਆਉਣਗੇ, ਓਨੇ ਦਿਨਾਂ ਦੀ ਤਨਖ਼ਾਹ ਕੱਟੀ ਜਾਵੇਗੀ। ਪਾਵਰਕਾਮ ਮੈਨੇਜਮੈਂਟ ਵੱਲੋਂ ਦਿੱਤੀ ਗਈ ਚਿਤਾਵਨੀ ਦਾ ਮੁਲਾਜ਼ਮਾਂ ‘ਤੇ ਕੋਈ ਅਸਰ ਨਹੀਂ ਹੁੰਦਾ ਦਿਖਾਈ ਦੇ ਰਿਹਾ ਅਤੇ ਹੜਤਾਲ ਜਾਰੀ ਹੈ। ਖ਼ਪਤਕਾਰਾਂ ਦੀ ਬਿਜਲੀ ਸੰਬੰਧੀ ਟੋਲ ਫਰੀ ਨੰਬਰ 1912 ‘ਤੇ ਸ਼ਿਕਾਇਤ ਦਰਜ ਕਰਨ ਵਾਲਾ ਸਟਾਫ਼, ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ, ਨਵੇਂ ਮੀਟਰ ਜਾਰੀ ਕਰਨ ਵਾਲਾ ਸਟਾਫ਼, ਬਿਜਲੀ ਮੀਟਰਾਂ ਦੀ ਰੀਡਿੰਗ ਲੈਣ ਵਾਲੇ ਮੀਟਰ ਰੀਡਰ, ਬਿੱਲ ਬਣਾਉਣ ਵਾਲੇ ਸੁਪਰਵਾਈਜ਼ਰ, ਰੈਵੇਨਿਊ ਵਿਭਾਗ ਤੇ ਟੈਕਨੀਕਲ ਵਿਭਾਗ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਸਿਰਫ 10 ਫ਼ੀਸਦੀ ਸਟਾਫ਼ ਹੀ ਡਿਊਟੀ ਕਰ ਰਿਹਾ ਹੈ, ਜਿਨ੍ਹਾਂ ਵਿਚੋਂ ਸੀ ਐੱਚ ਬੀ ਕਰਮਚਾਰੀਆਂ ਨੇ ਵੀ ਸ਼ਨੀਵਾਰ ਦੁਪਹਿਰ 12 ਵਜੇ ਤੋਂ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।ਪੀ ਐੱਸ ਪੀ ਸੀ ਐੱਲ ਦੇ ਤਕਨੀਕੀ ਅਮਲੇ ਦੀ ਚੱਲ ਰਹੀ ਹੜਤਾਲ ਕਾਰਨ ਸੂਬੇ ਦੀ ਬਿਜਲੀ ਵੰਡ ਪ੍ਰਣਾਲੀ ‘ਤੇ ਗੰਭੀਰ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਬਿਜਲੀ ਦੀ ਸਪਲਾਈ ਬਹਾਲ ਕਰਨ ਵਿੱਚ ਭਾਰੀ ਦੇਰੀ ਹੋ ਰਹੀ ਹੈ। ਹੜਤਾਲ ਦੇ ਪੰਜਵੇਂ ਦਿਨ ਵਿੱਚ ਦਾਖ਼ਲ ਹੋਣ ਨਾਲ ਲਾਈਨਮੈਨਾਂ ਅਤੇ ਅਸਿਸਟੈਂਟ ਲਾਈਨਮੈਨਾਂ ਸਮੇਤ ਲਗਭਗ ਸਾਰਾ ਤਕਨੀਕੀ ਸਟਾਫ਼ ਕੰਮ ਤੋਂ ਦੂਰ ਰਿਹਾ, ਜਿਸ ਕਾਰਨ ਪਾਵਰਕਾਮ ਨੂੰ ਬਹੁਤ ਘੱਟ ਅਮਲੇ ਨਾਲ ਕੰਮ ਚਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਪੋਰੇਸ਼ਨ ਨੂੰ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਪਾਵਰ ਫੀਡਰਾਂ ਦੇ ਕੰਮਕਾਜ ਦੀ ਦੇਖਭਾਲ ਲਈ ਕਲੈਰੀਕਲ ਅਤੇ ਅਕਾਊਂਟਸ ਸਟਾਫ਼ ‘ਤੇ ਨਿਰਭਰ ਹੋਣਾ ਪੈ ਰਿਹਾ ਹੈ। ਹਰੇਕ ਸਬ-ਡਵੀਜ਼ਨ ਵਿੱਚ ਇਸ ਸਮੇਂ ਸਿਰਫ਼ ਚਾਰ ਤੋਂ ਪੰਜ ਸੀਨੀਅਰ ਤਕਨੀਕੀ ਅਧਿਕਾਰੀ ਹਨ ਜੋ ਪੂਰੇ ਬਿਜਲੀ ਵੰਡ ਨੈੱਟਵਰਕ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਠਾ ਰਹੇ ਹਨ। ਇਨ੍ਹਾਂ ਵਿੱਚ ਐਕਸੀਅਨ, ਐੱਸ ਡੀ ਓ ਅਤੇ ਜੇ ਈ ਸ਼ਾਮਲ ਹਨ। ਐਮਰਜੈਂਸੀ ਖ਼ਰਾਬੀਆਂ ਨੂੰ ਠੀਕ ਕਰਨ ਲਈ ਆਊਟਸੋਰਸ ਕੀਤੇ ਬਹੁਤ ਛੋਟੇ ਸਟਾਫ਼ ‘ਤੇ ਨਿਰਭਰ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਵੰਡ ਪ੍ਰਣਾਲੀ ਨੂੰ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ।”




