ਵਿਦਿਆਰਥੀਆਂ ਦੇ ਹੱਕ ‘ਚ ਉਤਰੇ 100 ਤੋਂ ਵੱਧ ਲੇਖਕ ਤੇ ਕਲਾਕਾਰ

0
11

ਨਵੀਂ ਦਿੱਲੀ : ਦੇਸ਼ ਭਰ ਵਿੱਚ ਪ੍ਰੀਖਿਆ ਪ੍ਰਣਾਲੀ ਵਿੱਚ ਗੜਬੜੀਆਂ ਵਿਰੁੱਧ ਲਾਮਬੰਦ ਹੋਏ ਵਿਦਿਆਰਥੀਆਂ ਨੂੰ ਵੱਡਾ ਸਮਰਥਨ ਦਿੰਦਿਆਂ ਦੇਸ਼ ਦੇ 100 ਤੋਂ ਵੱਧ ਪ੍ਰਮੁੱਖ ਲੇਖਕਾਂ, ਚਿੰਤਕਾਂ ਅਤੇ ਕਲਾਕਾਰਾਂ ਨੇ ਉਨ੍ਹਾਂ ਦੇ ਅੰਦੋਲਨ ਨਾਲ ਪੂਰੀ ਹਮਦਰਦੀ ਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਵਿੱਚ ਪ੍ਰਸਿੱਧ ਨਿਬੰਧਕਾਰ ਅਸ਼ੋਕ ਵਾਜਪੇਈ, ਕਵੀ ਕੇ. ਸਚਿਦਾਨੰਦਨ, ਬੁੱਕਰ ਪੁਰਸਕਾਰ ਜੇਤੂ ਬਾਨੂ ਮੁਸ਼ਤਾਕ ਅਤੇ ਮਸ਼ਹੂਰ ਨਿਰਤਕੀ ਮਲਿਕਾ ਸਾਰਾਭਾਈ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹਨ। ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਪ੍ਰਸ਼ਨ ਪੱਤਰ ਲੀਕ ਹੋਣ ਅਤੇ ਸਰਕਾਰੀ ਪ੍ਰੀਖਿਆਵਾਂ ਵਿੱਚ ਵਾਰ-ਵਾਰ ਸਾਹਮਣੇ ਆ ਰਹੀਆਂ ਗੜਬੜੀਆਂ ਨੇ ਦੇਸ਼ ਦੀਆਂ ਮੁੱਖ ਜਨਤਕ ਸੰਸਥਾਵਾਂ ਦੀ ਸਾਖ਼ ਅਤੇ ਨਿਸ਼ਠਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੇਖਕਾਂ ਨੇ ਕਿਹਾ, ‘ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਸ਼ਾਂਤਮਈ ਅਤੇ ਲੋਕਤੰਤਰਿਕ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਸ ਦੁਆਰਾ ਵਰਤੇ ਗਈ ਤਾਕਤ ਦੀਆਂ ਰਿਪੋਰਟਾਂ ਤੋਂ ਬੇਹੱਦ ਚਿੰਤਤ ਹਾਂ। ਇੱਕ ਸੰਵਿਧਾਨਕ ਲੋਕਤੰਤਰ ਵਿੱਚ ਨੌਜਵਾਨ ਨਾਗਰਿਕਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਅਤੇ ਇਨਸਾਫ਼ ਨਾਲ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਹਿੰਸਾ ਅਤੇ ਡਰਾਉਣ-ਧਮਕਾਉਣ ਦੀ ਨੀਤੀ ਨਾਲ।”ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਨ ਪੱਤਰ ਲੀਕ ਕਰਨ ਅਤੇ ਹੋਰ ਧਾਂਦਲੀਆਂ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।’ ਲੇਖਕਾਂ ਨੇ ਕਿਹਾ, ‘ਅਸੀਂ ਇਨਸਾਫ਼, ਜਵਾਬਦੇਹੀ ਅਤੇ ਇੱਕ ਵਿਸ਼ਵਾਸਯੋਗ ਪ੍ਰੀਖਿਆ ਪ੍ਰਣਾਲੀ ਦੀ ਬਹਾਲੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਭਾਰਤ ਦੇ ਵਿਦਿਆਰਥੀਆਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ।’