ਜਲੰਧਰ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਤਰਨ ਤਾਰਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜੋਗਿੰਦਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਅਣਗੌਲਿਆ ਕਰਨ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਨ ਅਤੇ ਰਹਿੰਦੀਆਂ ਗਰੰਟੀਆਂ ਨੂੰ ਪੂਰਾ ਕਰਾਉਣ ਲਈ ਜਲੰਧਰ ਵਿਖੇ 5 ਅਗਸਤ ਨੂੰ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਉਹਨਾ ਕਿਹਾ ਕਿ ਮਜ਼ਦੂਰ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਲਈ ਆਪਣੇ ਤਿੱਖੇ ਰੋਹ ਦਾ ਪ੍ਰਗਟਾਵਾ ਕਰਨਗੇ। ਉਹਨਾ ਕਿਹਾ ਬੀ ਵੀ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਵਾ ਕੇ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਉਣ, ਔਰਤਾਂ ਦੇ ਖਾਤਿਆਂ ਵਿੱਚ ਸਾਢੇ ਚਾਰ ਸਾਲਾਂ ਦੇ ਬਕਾਏ ਪਵਾਉਣ, ਮਜ਼ਦੂਰਾਂ ਸਿਰ ਚੜ੍ਹੇ ਮਾਇਕਰੋ ਫਾਇਨਾਂਸ ਕੰਪਨੀਆਂ ਸਮੇਤ ਕੁੱਲ ਕਰਜ਼ੇ ਖਤਮ ਕਰਾਉਣ ਤੇ ਮਜ਼ਦੂਰਾਂ ਨੂੰ ਸਸਤੀਆਂ ਦਰਾਂ ‘ਤੇ ਸਰਕਾਰੀ ਬੈਂਕਾਂ ਤੋਂ ਕਰਜ਼ੇ ਦਿਵਾਉਣ, ਪੰਚਾਇਤੀ ਜ਼ਮੀਨਾਂ ਵਿੱਚੋਂ ਮਜ਼ਦੂਰਾਂ ਦਾ ਬਣਦਾ ਤੀਜਾ ਹਿੱਸਾ ਉਨ੍ਹਾਂ ਨੂੰ ਠੇਕੇ ‘ਤੇ ਦਿਵਾਉਣ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿਵਾਉਣ ਅਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਿਵਾਉਣ ਅਤੇ ਵਿਧਵਾ, ਬੁਢਾਪਾ ਪੈਨਸ਼ਨ 5000 ਰੁਪਏ ਕਰਵਾਉਣ ਆਦਿ ਮੰਗਾਂ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰੈਲੀ ਕੀਤੀ ਜਾ ਰਹੀ ਹੈ। ਉਹਨਾ ਮਾਨ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਜ਼ਦੂਰਾਂ ਨੇ ਆਪਣੀਆਂ ਫੌਰੀ ਤੇ ਬੁਨਿਆਦੀ ਮੰਗਾਂ ਖਾਤਰ ਲਗਾਤਾਰ ਸੰਘਰਸ਼ ਕੀਤਾ, ਜਿਸ ਸਦਕਾ ਉਹਨਾ ਨੂੰ ਪੰਜ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀਆਂ ਚਿੱਠੀਆਂ ਵੀ ਜਾਰੀ ਕੀਤੀਆਂ ਗਈਆਂ, ਪਰ ਮੀਟਿੰਗ ਵਿੱਚ ਇੱਕ ਵਾਰ ਵੀ ਮੁੱਖ ਮੰਤਰੀ ਹਾਜ਼ਰ ਨਹੀਂ ਹੋਏ। ਅਜਿਹਾ ਵਿਹਾਰ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੰਦਾ ਹੈ। ਹੁਣ ਜਦੋਂ ਵੋਟਾਂ ਸਿਰ ‘ਤੇ ਆ ਗਈਆਂ ਤਾਂ ਭਗਵੰਤ ਮਾਨ ਸਰਕਾਰ ਵੋਟਾਂ ਬਟੋਰਨ ਖਾਤਰ ਔਰਤਾਂ ਦੇ ਖਾਤਿਆਂ ਵਿੱਚ 1000 ਤੇ 1500 ਰੁਪਏ ਦੀ ਰੇਸ਼ੋ ਬਣਾ ਕੇ ਪੈਸੇ ਪਾ ਰਹੀ ਹੈ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਜ਼ਿਲ੍ਹਾ ਮੀਤ ਪ੍ਰਧਾਨ ਹੀਰਾ ਸਿੰਘ ਖਡੂਰ ਸਾਹਿਬ, ਜ਼ਿਲ੍ਹਾ ਮੀਤ ਸਕੱਤਰ ਰਸ਼ਪਾਲ ਸਿੰਘ ਘੁਰਕਵਿੰਡ, ਜ਼ਿਲ੍ਹਾ ਆਗੂ ਕੁਲਵੰਤ ਸਿੰਘ ਖਡੂਰ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਦੋਗਲੇਪਣ ਦੀ ਨੀਤੀ ‘ਤੇ ਚੱਲਣ ਦਾ ਦੋਸ਼ ਲਾਉਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਵਿਦਿਆਰਥੀਆਂ ‘ਤੇ ਕੀਤੇ ਭਾਰਤੀ ਜਨਤਾ ਪਾਰਟੀ ਦੇ ਜਬਰ ਦੀ ਨਿਖੇਧੀ ਕਰਦਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੱਕ ਮੰਗਦੇ ਮਜ਼ਦੂਰਾਂ, ਕਿਸਾਨਾਂ, ਮਨਰੇਗਾ ਵਰਕਰਾਂ, ਮੁਲਾਜ਼ਮਾਂ ‘ਤੇ ਸਰੇਆਮ ਲਾਠੀਚਾਰਜ ਕਰਕੇ ਹੱਕੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਰੈਲੀ ਵਿੱਚ ਉਭਾਰੀਆਂ ਜਾਣ ਵਾਲੀਆ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਵਾ, ਬੁਢਾਪਾ ਪੈਨਸ਼ਨ 5000 ਰੁਪਏ ਕਰਨ ਤੇ ਉਮਰ ਦੀ ਹੱਦ ਔਰਤਾਂ ਦੀ 55 ਸਾਲ ਅਤੇ ਮਰਦਾਂ ਦੀ 58 ਸਾਲ ਕਰਨ, ਮਜ਼ਦੂਰਾਂ ਸਿਰ ਚੜ੍ਹੇ ਸਾਰੇ ਕਰਜ਼ੇ ਮਾਫ ਕਰਨ, ਸੰਘਰਸ਼ਾਂ ਦੌਰਾਨ ਪਏ ਝੂਠੇ ਕੇਸ ਵਾਪਸ ਲੈਣ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦ ਮਜ਼ਦੂਰਾਂ ਨੂੰ ਰਸੋਈ ਦੀਆਂ ਕੁੱਲ ਲੋੜੀਦੀਆਂ ਵਸਤਾਂ ਸਸਤੀਆਂ ਦੇਣ ਦੀ ਮੰਗ ਵੀ ਉਠਾਈ ਜਾਵਗੀ। ਉਨ੍ਹਾ ਵਿਦਿਆਰਥੀਆਂ, ਸਫਾਈ ਕਰਮਚਾਰੀਆਂ ਅਤੇ ਮਨਰੇਗਾ ਵਰਕਰਾਂ ‘ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਅਤੇ ਉਨ੍ਹਾਂ ਦੇ ਚੱਲ ਰਹੇ ਘੋਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਲਾਲ ਸਿੰਘ ਵਲਟੋਹਾ, ਕਾਬਲ ਸਿੰਘ ਆਸਲ, ਸਰਵਨ ਸਿੰਘ ਕਿਰਤੋਵਾਲ, ਪੱਪਾ ਮਸੀਹ ਚੂਸਲੇਵੜ, ਜਸਪਾਲ ਸਿੰਘ ਚੂਸਲੇਵੜ, ਜਸਬੀਰ ਸਿੰਘ ਜੋਣੇਕੇ, ਬਾਵਾ ਸਿੰਘ ਸੀਤੋ, ਹਰਭਜਨ ਸਿੰਘ ਬਾਕੀਪੁਰ, ਸਵਿੰਦਰ ਸਿੰਘ ਕਿਰਤੋਵਾਲ, ਗੁਰਪ੍ਰੀਤ ਸਿੰਘ ਠੱਠਾ, ਗਗਨਦੀਪ ਸਿੰਘ ਨੂਰਪੁਰ, ਅਰਸ਼ਦੀਪ ਸਿੰਘ ਠੱਠਾ, ਗੁਰਦਿੱਤ ਸਿੰਘ ਮਾਨੋਚਾਹਲ, ਹਰਮਨਦੀਪ ਸਿੰਘ ਮੰਮਣਕੇ, ਲਖਬੀਰ ਸਿੰਘ ਘੁਰਕਵਿੰਡ, ਅਮਰੀਕ ਸਿੰਘ ਬਾਕੀਪੁਰ, ਦਲੇਰ ਸਿੰਘ ਗਿੱਲ ਵੜੈਚ, ਕਸ਼ਮੀਰ ਸਿੰਘ ਗਿੱਲ ਵੜੈਚ, ਅਮਨਦੀਪ ਸਿੰਘ ਭੱਠਲ ਤੇ ਨਿਸ਼ਾਨ ਸਿੰਘ ਭੱਠਲ ਆਦਿ ਹਾਜ਼ਰ ਸਨ।





