ਜਲੰਧਰ (ਗਿਆਨ ਸੈਦਪੁਰੀ)
ਮਾਮਲਾ ਭਾਵੇਂ ਮਨੀਪੁਰ ਵਿੱਚ ਭੜਕਦੀ ਰਹੀ ਅੱਗ ਦਾ ਹੋਵੇ, ਭਾਵੇਂ ਔਰਤਾਂ ਦੇ ਘੋਰ ਅਪਮਾਨ ਦਾ। ਕਿਸਾਨੀ ਨੂੰ ਘਾਟੇ ਵਿੱਚ ਲੈ ਜਾਣ ਵਾਲਾ ਮੁਕਤ ਵਪਾਰ ਹੋਵੇ ਜਾਂ ਨੀਟ ਵਰਗਾ ਮਹਾਂ ਘੁਟਾਲਾ ਹੋਵੇ, ਹਰ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਸਾਜ਼ਿਸ਼ੀ ਚੁੱਪ ਅਤੇ ਲੋਕਾਂ ਦੇ ਦਰਦ ਨੂੰ ਸਮਝ ਸਕਣ ਦੀ ਕੋਸ਼ਿਸ਼ ਨਾ ਕਰਨਾ ਆਮ ਵਰਤਾਰਾ ਬਣਾ ਚੁੱਕਾ ਹੈ। ਮਨਰੇਗਾ ਰਾਹੀਂ ਮਜ਼ਦੂਰਾਂ ਨੂੰ ਕੁਝ ਕੁ ਮਿਲਦੀ ਆਰਥਿਕ ਰਾਹਤ ਨੂੰ ਵੀ ਬੰਦ ਕਰ ਦੇਣਾ ਅਤੇ ਕਿਰਤ ਕਾਨੂੰਨਾਂ ਦੀ ਬਲੀ ਦੇ ਕੇ ਲੇਬਰ ਕੋਡਾਂ ਰਾਹੀਂ ਕਿਰਤ ਦਾ ਅਪਮਾਨ ਸਭ ਦੇ ਸਾਹਮਣੇ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਉਸੇ ਰਸਤੇ ‘ਤੇ ਚੱਲ ਕੇ ਮਜ਼ਦੂਰ ਵਰਗ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੰ ਕੋਈ ਮਹੱਤਵ ਨਾ ਦੇਣਾ ਆਪਣੇ-ਆਪ ਵਿੱਚ ਕਿਰਤੀ ਲੋਕਾਂ ਦਾ ਨਿਰਾਦਰ ਹੈ। ਇਸ ਵਰਤਾਰੇ ਤੋਂ ਅੱਕੇ ਹੋਏ ਮਜ਼ਦੂਰਾਂ ਵੱਲੋਂ ਸਰਕਾਰ ਦੀ ਨੀਂਦ ਖੋਹਲਣ ਲਈ 5 ਅਗਸਤ ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਰੈਲੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕੀਤੀ ਜਾਵੇਗੀ। ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਇਸ ਐਕਸ਼ਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਪੂਰਾ ਸਮਰਥਨ ਤੇ ਸਾਥ ਦਿੱਤਾ ਜਾਵੇਗਾ। ਉਕਤ ਸਾਰ ਤੱਤ ਹੈ ਉਸ ਵਿਸ਼ੇਸ਼ ਮੀਟਿੰਗ ਦਾ, ਜੋ ਸੀ ਪੀ ਆਈ ਦੀ ਜਲੰਧਰ ਕਾਰਜਕਾਰਨੀ ਵੱਲੋਂ ਪਾਰਟੀ ਦਫ਼ਤਰ ਵਿੱਚ ਕੀਤੀ ਗਈ। ਮੀਟਿੰਗ ਵਿੱਚ ਕੀਤੇ ਫੈਸਲੇ ਮੁਤਾਬਕ ਜ਼ਿਲ੍ਹਾ ਜਲੰਧਰ ਦੀਆਂ ਸਾਰੀਆਂ ਤਹਿਸੀਲਾਂ ਵਿੱਚੋਂ ਕਮਿਊਨਿਸਟ ਕਾਰਕੁਨ 5 ਅਗਸਤ ਨੂੰ ਜਲੰਧਰ ਰੈਲੀ ਵਿੱਚ ਉਤਸ਼ਾਹ ਨਾਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇੱਕ ਸਤੰਬਰ ਨੂੰ ਦਿੱਲੀ ਦੀ ਰਾਮ ਲੀਲ੍ਹਾ ਗਰਾਊਂਡ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਹੁੰਮ-ਹੁਮਾ ਕੇ ਪਹੁੰਚਿਆ ਜਾਵੇਗਾ। ਇਸ ਦੀ ਤਿਆਰੀ ਵਜੋਂ ਜਲੰਧਰ ਜ਼ਿਲ੍ਹੇ ਵਿੱਚ 10 ਅਗਸਤ ਤੋਂ 15 ਅਗਸਤ ਤੱਕ ਜਥਾ ਮਾਰਚ ਕੀਤੇ ਜਾਣਗੇ। ਦੋਹਾਂ ਐਕਸ਼ਨਾਂ ਲਈ ਅੱਜ ਤੋਂ ਹੀ ਪੂਰੀ ਤਰ੍ਹਾਂ ਤਿਆਰੀਆਂ ਵਿੱਚ ਰੁੱਝ ਜਾਣ ਦਾ ਅਹਿਦ ਕੀਤਾ ਗਿਆ। ਮੀਟਿੰਗ ਵਿੱਚ ਕੁਝ ਜਥੇਬੰਦਕ ਮਸਲੇ ਵੀ ਵਿਚਾਰੇ ਗਏ। ਕਾਰਜਕਾਰਨੀ ਦੀ ਮੀਟਿੰਗ ਵਿੱਚ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ, ਸੰਤੋਸ਼ ਬਰਾੜ, ਪਰਮਜੀਤ ਸਿੰਘ ਸਮਰਾਏ, ਵੀਰ ਸਿੰਘ, ਸਿਕੰਦਰ ਸੰਧੂ, ਸੁਨੀਲ ਕੁਮਾਰ ਅਤੇ ਸਾਥੀ ਕੁਲਦੀਪ ਸ਼ਾਮਲ ਹੋਏ।




