ਗੁਹਾਟੀ (ਨ ਜ਼ ਸ)-ਅਸਾਮ ਦੇ ਸੀਨੀਅਰ ਮੰਤਰੀ ਕੇਸ਼ਵ ਮਹੰਤਾ ਦੀ ਧੀ ਦੇ ਨੀਟ ਪ੍ਰੀਖਿਆ ਵਿੱਚ ਬੇਨੇਮੀਆਂ ਵਿਰੁੱਧ ਪ੍ਰੋਟੈੱਸਟ ਵਿੱਚ ਸ਼ਾਮਲ ਹੋਣ ਦੇ ਵੀਡੀਓਜ਼ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾ ਦੇ ਕੈਬਨਿਟ ਸਹਿਯੋਗੀ ਨੂੰ ਇਸ ਲਈ ਟਰੋਲ ਨਹੀਂ ਕੀਤਾ ਜਾਣਾ ਚਾਹੀਦਾ ਕਿ ਬੇਟੀ ਆਪਣੇ ਪਿਤਾ ਦੀ ਸਿਆਸੀ ਵਿਚਾਰਧਾਰਾ ਮੁਤਾਬਕ ਨਹੀਂ ਚੱਲੀ। 2006 ਤੋਂ ਲਗਾਤਾਰ ਪੰਜਵੀਂ ਵਾਰ ਵਿਧਾਇਕ ਚੱਲੇ ਆ ਰਹੇ ਅਸਾਮ ਗਣ ਪ੍ਰੀਸ਼ਦ ਦੇ ਨੇਤਾ ਕੇਸ਼ਵ ਮਹੰਤਾ ਦੀ ਧੀ ਡਿਬੀਸਾ ਨੇ ਵੀਰਵਾਰ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਕਿਹਾ ਸੀ : ਨੀਮ ਕਾ ਪੱਤਾ ਕੜਵਾ ਹੈ, ਮੋਦੀ… ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਵਾਰ ਜਦੋਂ ਬੱਚੇ ਬਾਲਗ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਕੰਮਾਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾ ਕਿਹਾ, ‘ਭਲਕ ਨੂੰ ਜਦੋਂ ਮੇਰਾ ਪੁੱਤਰ ਕਾਨੂੰਨ ਦੀ ਪ੍ਰੈਕਟਿਸ ਕਰੇਗਾ, ਤਾਂ ਉਹ ਕਿਸੇ ਅਜਿਹੇ ਵਿਅਕਤੀ ਦਾ ਬਚਾਅ ਕਰ ਸਕਦਾ ਹੈ, ਜਿਸ ਨੂੰ ਮੈਂ ਪਸੰਦ ਨਹੀਂ ਕਰਦਾ। ਮੈਂ ਡਿਬੀਸਾ ਵੱਲੋਂ ਲਗਾਏ ਗਏ ਨਾਅਰਿਆਂ ਨਾਲ ਸਹਿਮਤ ਨਹੀਂ ਹਾਂ। ਜਦੋਂ ਮੈਂ ਅਗਲੀ ਵਾਰ ਉਸ ਨੂੰ ਮਿਲਾਂਗਾ, ਤਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਉਸ ਨੇ ਜੋ ਕਿਹਾ, ਉਹ ਸਹੀ ਨਹੀਂ ਸੀ।’



