ਮੁਹਾਲੀ
(ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਇੱਕ ਵੀ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ। ਉਨ੍ਹਾ ਕਿਹਾ ਕਿ ਕੁਝ ਦਿਨ ਪਹਿਲਾਂ ਫਾਰਮੇਸੀ ਦੇ ਇੱਕ ਪੇਪਰ ਵਿੱਚ ਨਕਲ ਦੀ ਘਟਨਾ ਸਾਹਮਣੇ ਆਈ ਸੀ, ਪਰ ਪੇਪਰ ਆਰੰਭ ਹੋਣ ਤੋਂ ਸਿਰਫ਼ 10 ਮਿੰਟ ਬਾਅਦ ਨਕਲ ਕਰਨ ਵਾਲੇ ਅਤੇ ਨਕਲ ਕਰਵਾਉਣ ਵਾਲੇ ਸਾਰੇ ਫੜੇ ਗਏ ਅਤੇ ਜੇਲ੍ਹਾਂ ਵਿੱਚ ਬੰਦ ਹਨ। ਮੁੱਖ ਮੰਤਰੀ ਸਰਕਾਰੀ ਸਕੂਲਾਂ ਦੇ ਨੀਟ-ਯੂ ਜੀ ਦੀ ਪ੍ਰੀਖਿਆ ਪਾਸ ਕਰਨ ਵਾਲੇ 882 ਵਿਦਿਆਰਥੀਆਂ ਦੇ ਸਨਮਾਨ ਵਿੱਚ ਰੱਖੇ ਗਏ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚ 660 ਲੜਕੀਆਂ ਅਤੇ 222 ਲੜਕੇ ਸ਼ਾਮਲ ਹਨ। ਭਗਵੰਤ ਮਾਨ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜੇਕਰ ਨੀਟ-ਯੂ ਜੀ ਦਾ ਪੇਪਰ ਲੀਕ ਨਾ ਹੁੰਦਾ ਤਾਂ ਪੰਜਾਬ ਦੇ ਵਿਦਿਆਰਥੀਆਂ ਦਾ ਇਹ ਅੰਕੜਾ 1000 ਤੋਂ ਪਾਰ ਹੋਣਾ ਸੀ। ਉਨ੍ਹਾ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਦੁਬਾਰਾ ਹੋਣ ਵਾਲੀ ਨੀਟ ਦੀ ਪ੍ਰੀਖਿਆ ਵਿੱਚ ਬੈਠ ਨਹੀਂ ਸਕੇ। ਉਨ੍ਹਾ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ 2017, 2019, 2022, 2024 ਅਤੇ 2026 ਵਿੱਚ ਇਹ ਮਹੱਤਵਪੂਰਨ ਪ੍ਰੀਖਿਆ ਦੇ ਪੇਪਰ ਲੀਕ ਹੋਏ ਹਨ। ਉਨ੍ਹਾ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੇ ਦਿਲ ਟੁੱਟਦੇ ਹਨ। ਉਨ੍ਹਾ ਕਿਹਾ ਕਿ ਆਤਮ-ਹੱਤਿਆ ਕਰਨ ਵਾਲੇ ਦੇਸ਼ ਦੇ 22 ਬੱਚੇ ਕਦੇ ਵਾਪਸ ਨਹੀਂ ਆਉਣਗੇ ਅਤੇ ਮੁਆਵਜ਼ੇ ਨਾਲ ਉਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਬਹੁਤ ਉੱਚਾ ਹੋਇਆ ਹੈ। ਜਿਹੜੀ ਸਿੱਖਿਆ ਦਾ ਪੱਧਰ 2021 ਵਿੱਚ ਦੇਸ਼ ਵਿੱਚੋਂ 27ਵੇਂ ਸਥਾਨ ‘ਤੇ ਸੀ, ਉਹ ਹੁਣ ਕੇਰਲਾ ਨੂੰ ਪਛਾੜ ਕੇ ਪਹਿਲੇ ਸਥਾਨ ‘ਤੇ ਆ ਗਿਆ ਹੈ। ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਨਵੀਆਂ ਉਸਾਰੀਆਂ ਹੋ ਰਹੀਆਂ ਹਨ, ਨਵੇਂ ਸਮਾਰਟ ਰੂਮ ਬਣਾਏ ਜਾ ਰਹੇ ਹਨ, ਸਕੂਲਾਂ ਨੂੰ ਵਾਈ-ਫਾਈ ਕੀਤਾ ਗਿਆ ਹੈ ਅਤੇ ਕੋਚਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਕੂਲਾਂ ਦੇ ਅਧਿਆਪਕਾਂ ਅਤੇ ਮੁਖੀਆਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾਂਦਾ ਹੈ, ਜੋ ਕਿ ਪਹਿਲਾਂ ਕਦੇ ਨਹੀਂ ਹੁੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 68,585 ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਪਰ ਉਨ੍ਹਾਂ ਲਈ ਨਾ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੈ ਅਤੇ ਨਾ ਕਿਸੇ ਦੀ ਸਿਫਾਰਸ਼ ਚੱਲੀ ਹੈ; ਸਿਰਫ਼ ਅਤੇ ਸਿਰਫ਼ ਮੈਰਿਟ ਦੇ ਆਧਾਰ ਉੱਤੇ ਸਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਰੱਖਣ, ਆਪਣੇ ‘ਤੇ ਭਰੋਸਾ ਕਰਨ ਅਤੇ ਕਦੇ ਵੀ ਹੰਕਾਰ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾ ਕਿਹਾ ਕਿ ਤੁਸੀਂ ਰੰਗਲੇ ਪੰਜਾਬ ਦਾ ਭਵਿੱਖ ਹੋ ਅਤੇ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਰੰਗਲਾ ਬਣਾਉਣਾ ਹੈ। ਉਨ੍ਹਾ ਕਿਹਾ ਕਿ ਨੌਜਵਾਨਾਂ ਵਿੱਚ ਬਹੁਤ ਤਾਕਤ ਹੁੰਦੀ ਹੈ, ਸਿਰਫ਼ ਉਨ੍ਹਾਂ ਨੂੰ ਰਾਹ ਵਿਖਾਉਣ ਦੀ ਲੋੜ ਹੁੰਦੀ ਹੈ। ਉਨ੍ਹਾ ਕਿਹਾ ਕਿ ਜ਼ੈੱਨ-ਜੀ ਦੀ ਤਾਕਤ ਸਾਰੀ ਦੁਨੀਆ ਦੇਖ ਚੁੱਕੀ ਹੈ, ਜਿਸ ਨੇ ਕੇਂਦਰ ਸਰਕਾਰ ਨੂੰ ਝੁਕਾ ਕੇ ਆਪਣੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਤੋਂ ਬਿਨਾਂ ਦੇਸ਼ ਕਦੇ ਵੀ ਨੰਬਰ ਵਨ ਨਹੀਂ ਬਣ ਸਕਦਾ। ਪੰਜਾਬ ਹਰ ਖੇਤਰ ਵਿੱਚ ਮੋਹਰੀ ਰਿਹਾ ਹੈ, ਭਾਵੇਂ ਉਹ ਕਾਰਗਿਲ ਦੀ ਜੰਗ ਹੋਵੇ, ਭਾਵੇਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਹੋਣ, ਭਾਵੇਂ ਖੇਤੀਬਾੜੀ ਹੋਵੇ ਜਾਂ ਸਿੱਖਿਆ। ਉਨ੍ਹਾ ਕਿਹਾ ਕਿ ਤਿੰਨ ਮੁੱਖ ਖੇਡਾਂ, ਜਿਨ੍ਹਾਂ ਵਿੱਚ ਹਾਕੀ ਅਤੇ ਲੜਕਿਆਂ ਤੇ ਲੜਕੀਆਂ ਦੀ ਕ੍ਰਿਕਟ ਸ਼ਾਮਲ ਹੈ, ਦੇ ਤਿੰਨੋਂ ਕਪਤਾਨ ਪੰਜਾਬ ਨਾਲ ਹੀ ਸੰਬੰਧਤ ਹਨ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਅੰਤਰ-ਆਤਮਾ ਦੀ ਗੱਲ ਸੁਣਨ ਅਤੇ ਆਪਣੇ ‘ਤੇ ਭਰੋਸਾ ਰੱਖਣ ਲਈ ਪ੍ਰੇਰਦਿਆਂ ਕਿਹਾ ਕਿ ਉਹ ਵੀ ਜਦੋਂ ਰਾਜਨੀਤੀ ਵਿੱਚ ਆਏ ਸਨ ਤਾਂ ਉਨ੍ਹਾਂ ਨੂੰ ਵੀ ਰਵਾਇਤੀ ਧਿਰਾਂ ਮਖੌਲ ਕਰਦੀਆਂ ਸਨ, ਪਰ ਅੱਜ ਉਹ ਸਾਰੇ ਉਨ੍ਹਾਂ ਤੋਂ ਘਬਰਾਉਂਦੇ ਹਨ, ਕਿਉਂਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਨਾਲ ਹਨ ਅਤੇ ਪੁਰਾਣਿਆਂ ਦੀਆਂ ਕੁਰਸੀਆਂ ਖੁੱਸ ਗਈਆਂ ਹਨ। ਇਸ ਮੌਕੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਨਿਭਾਈ। ਸਮਾਗਮ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਨਮਾਨਿਤ ਹੋਣ ਲਈ ਆਏ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।




