ਅੰਦੋਲਨ ਦਾ ਅਗਲਾ ਪੜਾਅ ਕੀ ਹੋਵੇ?

0
3

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਨੌਜਵਾਨ ਮੁੰਡੇ-ਕੁੜੀਆਂ ਨੇ ਜੰਤਰ-ਮੰਤਰ ਵਿਖੇ ਲੋਕਤੰਤਰ ਦਾ ਜਸ਼ਨ ਮਨਾਇਆ-ਜਿਹੜੇ ਲੋਕਤੰਤਰ ਦੇ ਪੈਦਾ ਹੋਣ ਦੀ ਉਡੀਕ 12 ਸਾਲਾਂ ਤੋਂ ਕੀਤੀ ਜਾ ਰਹੀ ਸੀ। ਹਰ ਨੌਜਵਾਨ ਇੰਜ ਤੁਰ ਰਿਹਾ ਸੀ, ਜਿਵੇਂ ਕਿਸੇ ਦੇ ਹੰਕਾਰ ਨੂੰ ਠੁੱਡ ਮਾਰ ਰਿਹਾ ਹੋਵੇ। ਹਿੰਦੀ ਫਿਲਮਾਂ ਦੇ ਗਾਣਿਆਂ ‘ਤੇ ਨੱਚਣ ਵਾਲੇ ਨੌਜਵਾਨ ਲੋਕਤੰਤਰ ਦੀ ਜਿੱਤ ‘ਤੇ ਨੱਚ ਰਹੇ ਸਨ। ਕਿਸੇ ਵੀ ਲੋਕਤੰਤਰੀ ਰਾਸ਼ਟਰ ਤੇ ਲੋਕਤੰਤਰੀ ਵਿਅਕਤੀ ਲਈ ਅਜਿਹਾ ਪਲ ਉਸ ਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਵਿੱਚੋਂ ਇੱਕ ਹੁੰਦਾ ਹੈ। ਇਸੇ ਤਰ੍ਹਾਂ ਦੇ ਪਲਾਂ ਦੀ ਕਲਪਨਾ ਕਰਕੇ ਫੈਜ਼ ਨੇ ਲਿਖਿਆ ਸੀ : ਜਬ ਤਖਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ। ਨੌਜਵਾਨਾਂ ਨੇ ਲਾਠੀਆਂ, ਹੰਝੂ ਗੈਸ ਦੇ ਗੋਲੇ ਤੇ ਪੈਲੇਟ ਗੰਨ ਦੀਆਂ ਗੋਲੀਆਂ ਖਾਧੀਆਂ ਤੇ ਦੇਸ਼ਧ੍ਰੋਹੀ ਕਹੇ ਜਾਣ ਦਾ ਅਪਮਾਨ ਬਰਦਾਸ਼ਤ ਕੀਤਾ, ਪਰ ਹੰਕਾਰੀ ਦਾ ਤਾਜ ਹਵਾ ਵਿੱਚ ਉਛਾਲ ਦਿੱਤਾ।
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ, ਰੂਈ ਕੀ ਤਰਹ ਉੜ ਜਾਏਂਗੇ। ਹੁਕਮਰਾਨਾਂ ਦਾ ਜ਼ੁਲਮ ਤੇ ਹੰਕਾਰ ਜਿੰਨਾ ਵੀ ਭਾਰੀ ਤੇ ਪਹਾੜ ਵਰਗਾ ਅਟੁੱਟ ਕਿਉਂ ਨਾ ਦਿਖਾਈ ਦੇਵੇ, ਜਦੋਂ ਲੋਕਾਂ ਵਿੱਚ ਚੇਤਨਾ ਤੇ ਇਨਕਲਾਬ ਦੀ ਲਹਿਰ ਉੱਠਦੀ ਹੈ ਤਾਂ ਅੱਤਿਆਚਾਰ ਦਾ ਵਿਸ਼ਾਲ ਪਹਾੜ ਰੂੰ ਦੇ ਫਹੇ ਦੀ ਤਰ੍ਹਾਂ ਹਲਕਾ ਹੋ ਕੇ ਹਵਾ ਵਿੱਚ ਉੱਡ ਜਾਂਦਾ ਹੈ। ਲੋਕਾਂ ਦੀ ਅਜਿਹੀ ਤਾਕਤ ਨੂੰ ਫੈਜ਼ ਨੇ ਆਪਣੀ ਨਜ਼ਮ ਵਿੱਚ ਪ੍ਰਗਟ ਕੀਤਾ। ਕੋਹ-ਏ-ਗਿਰਾਂ, ਯਾਨੀ ਮਜ਼ਬੂਤ ਪਹਾੜ ਵਰਗੇ ਹੰਕਾਰ ਨੂੰ ਕਾਗਜ਼ ਦੇ ਜਹਾਜ਼ ਦੀ ਤਰ੍ਹਾਂ ਉਡਾ ਦਿੱਤਾ।
ਮਹਕੂਮੋਂ ਕੇ ਪਾਂਵ ਤਲੇ ਧਰਤੀ ਧੜ-ਧੜ ਧੜਕੇਗੀ। ਅਹਲ-ਏ-ਹਕਮ ਕੇ ਸਰ ਊਪਰ ਬਿਜਲੀ ਕੜਕੜ ਕੜਕੇਗੀ। ਮਹਕੂਮ (ਦੱਬੇ-ਕੁਚਲੇ) ਇੰਜ ਇਕੱਠੇ ਹੋ ਕੇ ਚੱਲੇ ਕਿ ਹਾਕਮਾਂ ਦੇ ਪੈਰਾਂ ਹੇਠਾਂ ਧਰਤੀ ਕੰਬਣ ਲੱਗ ਪਈ। ਹਾਕਮਾਂ ਦੇ ਦਿਲਾਂ ਵਿੱਚ ਅਜਿਹਾ ਡਰ ਪੈਦਾ ਕਰ ਦਿੱਤਾ, ਜਿਹੜਾ ਸਿਰ ਦੇ ਠੀਕ ਉੱਪਰ ਬਿਜਲੀ ਕੜਕਣ ਨਾਲ ਪੈਦਾ ਹੁੰਦਾ ਹੈ।
ਜਿਹੜੀ ਜਨਤਾ ਤੋਂ ‘ਜਨਤਾ ਹੋਣਾ’ ਖੋਹ ਲਿਆ ਗਿਆ ਸੀ, ਅੰਦੋਲਨ ਦੌਰਾਨ ਉਹੀ ਜਨਤਾ ਫਿਰ ਤੋਂ ਜਨਤਾ ਹੋ ਰਹੀ ਸੀ। ਹੁਕਮਰਾਨ ਡਰ ਗਏ ਕਿ ਜਿਹੜੀ ਜਨਤਾ ਨੂੰ ਅਰਬਾਂ ਰੁਪਏ ਖਰਚ ਕੇ ‘ਭਗਤ’ ਬਣਾਇਆ ਸੀ, ਉਹ ਕਿਤੇ ਫਿਰ ਤੋਂ ਜਨਤਾ ਨਾ ਬਣ ਜਾਵੇ। 25 ਨਵੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਡਾ. ਅੰਬੇਡਕਰ ਨੇ ਭਾਰਤ ਨੂੰ ਖਬਰਦਾਰ ਕੀਤਾ ਸੀ ਕਿ ਲੋਕਤੰਤਰ ਵਿੱਚ ‘ਭਗਤੀ’ ਬਰਬਾਦੀ ਵੱਲ ਵਧਣ ਦਾ ਰਾਹ ਹੈ। ਜਨਤਾ ਨੂੰ ਫਿਰ ਤੋਂ ਜਨਤਾ ਬਣਦੇ ਦੇਖ ਹਾਕਮਾਂ ਨੂੰ ਕਿੰਨੀ ਤਕਲੀਫ ਹੋਈ, ਇਸ ਨੂੰ ਬੀ ਬੀ ਸੀ ਦੇ ਇੱਕ ਕਾਰਟੂਨਿਸਟ ਨੇ ਬਹੁਤ ਵਧੀਆ ਚਿਤਰਿਆ। ਕਾਰਟੂਨ ਵਿੱਚ ਇੱਕ ਨੇਤਾ ਮੀਡੀਆ ਨੂੰ ਕਹਿ ਰਿਹਾ ਹੈ ‘ਬੇਹੱਦ ਤਕਲੀਫਦੇਹ ਹੈ ਇਹ ਸਭ। ਜਾਤ-ਪਾਤ ਤੇ ਧਰਮ ਦੀ ਰਾਜਨੀਤੀ ਦਰਮਿਆਨ ਸਿੱਖਿਆ ਤੇ ਵਿਦਿਆਰਥੀਆਂ ਦੇ ਮੁੱਦਿਆਂ ਨਾਲ ਮੈਨੂੰ ਘੁਟਣ ਤੇ ਬੇਚੈਨੀ ਹੋ ਰਹੀ ਹੈ।”
ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੁੱਖ ਮੰਗ ਮੰਨੇ ਜਾਣ ਤੋਂ ਬਾਅਦ ਹੁਣ ਵਿਦਿਆਰਥੀਆਂ ਤੇ ਨੌਜਵਾਨਾਂ ਅੱਗੇ ਕਰਨ ਲਈ ਕੀ ਹੈ? ਸਭ ਤੋਂ ਵੱਡਾ ਮੁੱਦਾ ਸਿੱਖਿਆ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਹੈ। ਉੱਚ ਸਿੱਖਿਆ ਤਾਂ ਛੱਡੋ, ਪ੍ਰਾਇਮਰੀ ਤੇ ਪ੍ਰੀ-ਪ੍ਰਾਇਮਰੀ ਸਿੱਖਿਆ ਦਾ ਬਹੁਤ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਦਾ ਸਭ ਤੋਂ ਬੁਰਾ ਅਸਰ ਗਰੀਬ ਤਬਕੇ ‘ਤੇ ਪੈ ਰਿਹਾ ਹੈ। ਉਨ੍ਹਾਂ ਵਿੱਚੋਂ ਵੀ ਕੁੜੀਆਂ ‘ਤੇ ਸਭ ਤੋਂ ਵੱਧ, ਕਿਉਂਕਿ ਬਹੁਤੇ ਪਰਵਾਰ ਅੱਜ ਵੀ ਕੁੜੀਆਂ ਦੀ ਸਿੱਖਿਆ ‘ਤੇ ਖਰਚ ਨਹੀਂ ਕਰਦੇ। ਇਸ ਲਈ ਦੇਸ਼ ਦੀ ਅੱਧੀ ਆਬਾਦੀ ਦੀ ਸਿੱਖਿਆ ਲਈ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਖਰਚ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਨੌਜਵਾਨਾਂ ਨੂੰ ਸਰਕਾਰ ‘ਤੇ ਦਬਾਅ ਵਧਾਉਣਾ ਪਵੇਗਾ। ਇਹ ਲੱਭਣਾ ਪਵੇਗਾ ਕਿ ਕੇਂਦਰ ਸਰਕਾਰ ਨੇ ਸਿੱਖਿਆ ਦੇ ਬਜਟ ਵਿੱਚ 44 ਫੀਸਦੀ ਦੀ ਕਟੌਤੀ ਕਿਉਂ ਕੀਤੀ? 2014 ਵਿੱਚ ਸਿੱਖਿਆ ਦਾ ਬਜਟ ਕੁੱਲ ਘਰੇਲੂ ਪੈਦਾਵਾਰ (ਜੀ ਡੀ ਪੀ) ਦਾ 0.66 ਫੀਸਦੀ ਸੀ, ਜਿਸ ਨੂੰ 2024 ਵਿੱਚ ਮਹਿਜ਼ 0.37 ਫੀਸਦੀ ਕਰ ਦਿੱਤਾ ਗਿਆ। ਇਹ ਵੀ ਜਾਣਨਾ ਪਵੇਗਾ ਕਿ ਕੇਂਦਰ ਸਰਕਾਰ ਨੇ ਆਪਣੇ ਕੁਲ ਬਜਟ ਵਿੱਚ ਸਿੱਖਿਆ ਦੀ ਹਿੱਸੇਦਾਰੀ 46 ਫੀਸਦੀ ਘੱਟ ਕਿਉਂ ਕੀਤੀ ਹੈ? ਇਹ 2014-15 ਵਿੱਚ 4.6 ਫੀਸਦੀ ਸੀ ਤੇ 2024-25 ਵਿੱਚ 2.5 ਫੀਸਦੀ ਕਰ ਦਿੱਤੀ ਗਈ। ਸਰਕਾਰ ਦੀ ਨਿੱਜੀਕਰਨ ਨੂੰ ਬੜ੍ਹਾਵਾ ਦੇਣ ਵਾਲੀ ਸਿੱਖਿਆ ਨੀਤੀ ਨੌਜਵਾਨਾਂ ਨੂੰ ਉਹ ਨਹੀਂ ਬਣਨ ਦੇਣਾ ਚਾਹੁੰਦੀ, ਜਿਹੜੇ ਜੰਤਰ-ਮੰਤਰ ਵਿੱਚ ਉਹ ਬਣ ਗਏ। ਇੱਕ-ਦੂਜੇ ਦੇ ਸਾਥੀ ਬਣ ਗਏ ਅਤੇ ਸਾਥੀ ਬਣਦਿਆਂ ਕਿਸੇ ਦਾ ਧਰਮ ਨਹੀਂ ਪੁੱਛਿਆ। ਨਵੀਂ ਸਿੱਖਿਆ ਨੀਤੀ ਨਹੀਂ ਚਾਹੁੰਦੀ ਕਿ ਤੁਸੀਂ ਸਾਥੀ ਬਣੋ, ਸਾਥੀ ਬਣਾਓ। ਇਹ ਨੀਤੀ ਵੰਡਦੀ ਹੈ, ਜਿਸ ਨੂੰ ਪਛਾੜਨ ਲਈ ਵੱਡਾ ਹੰਭਲਾ ਮਾਰਨਾ ਪੈਣਾ ਹੈ। ਇੱਕ ਹੋਰ ਮੁੱਦਾ ਜਿਹੜਾ ਕਾਕਰੋਚ ਜਨਤਾ ਪਾਰਟੀ ਨੇ ਨਹੀਂ ਉਠਾਇਆ ਅਤੇ ਖੱਬੀ ਸੋਚ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਸ਼ੁਰੂ ਤੋਂ ਉਠਾਉਂਦੀਆਂ ਆ ਰਹੀਆਂ ਹਨ ਤੇ ਜੰਤਰ-ਮੰਤਰ ਵਿੱਚ ਵੀ ਉਠਾਇਆ-ਸਿੱਖਿਆ ਨੂੰ ਆਰ ਐੱਸ ਐੱਸ ਦੀ ਸੋਚ ਤੋਂ ਆਜ਼ਾਦ ਕਰਾਉਣਾ, ਜਿਹੜੀ ਗੈਰ-ਜਮਹੂਰੀ, ਦਕੀਆਨੂਸੀ, ਫਿਰਕੂ, ਵਿਗਿਆਨਕ ਚੇਤਨਾ ਵਿਰੋਧੀ, ਤਰਕ ਵਿਰੋਧੀ ਤੇ ਸੰਵਿਧਾਨ ਵਿਰੋਧੀ ਹੈ। ਜੰਤਰ-ਮੰਤਰ ਤੋਂ ਸ਼ੁਰੂ ਹੋਏ ਅੰਦੋਲਨ ਦੀ ਸੱਚੀ ਜਿੱਤ ਉਦੋਂ ਹੋਵੇਗੀ ਜਦੋਂ ਸਿੱਖਿਆ ਸਿਰਫ ਮੁਨਾਫੇ ਦਾ ਸਾਧਨ ਨਾ ਰਹਿ ਕੇ ਇੱਕ ਜਨਤਕ ਅਧਿਕਾਰ ਬਣੇਗੀ ਅਤੇ ਉਸ ਨੂੰ ਫਿਰਕੂ ਤੇ ਵਿਗਿਆਨਕ ਚੇਤਨਾ ਵਿਰੋਧੀ ਸੋਚ ਦੀ ਜਕੜ ਤੋਂ ਆਜ਼ਾਦ ਕਰਵਾ ਲਿਆ ਜਾਵੇਗਾ।