ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 4-5 ਦਿਨਾਂ ਦਰਮਿਆਨ ਪੰਜਾਬ ਨੂੰ ਜਿਸ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ, ਉਹ ਕੇਂਦਰ ਸਰਕਾਰ ਦੇ ਨਕਾਰਾਤਮਕ ਰਵੱਈਏ ਅਤੇ ਸੂਬੇ ਦਾ ਹੱਕ ਮਾਰਨ ਦੀ ਨੀਤੀ ਦਾ ਨਤੀਜਾ ਸੀ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਵਰਕਾਮ ਅਧਿਕਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਪੰਜਾਬ ਹੁਣ ਇਸ ਸੰਕਟ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਆਇਆ ਹੈ।
ਧਾਲੀਵਾਲ ਨੇ ਕਿਹਾ ਕਿ ਤਲਵੰਡੀ ਸਾਬੋ ਅਤੇ ਨਾਭਾ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਸਮੱਸਿਆ ਆਈ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਠੀਕ ਕਰ ਲਿਆ ਗਿਆ ਹੈ। ਐਤਵਾਰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ ਵਿੱਚ ਖੇਤੀਬਾੜੀ, ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਬਿਨਾਂ ਕਿਸੇ ਕੱਟ ਤੋਂ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ 5300-5400 ਮੈਗਾਵਾਟ ਤੱਕ ਪਹੁੰਚ ਗਿਆ ਹੈ ਅਤੇ ਸੂਬੇ ਦੇ ਸਾਰੇ 10 ਥਰਮਲ ਯੂਨਿਟ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ। 15,700 ਮੈਗਾਵਾਟ ਦੀ ਕੁੱਲ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਜਦੋਂ ਕਿਸੇ ਵੀ ਰਾਜ ‘ਤੇ ਕੋਈ ਤਕਨੀਕੀ ਸੰਕਟ ਆਉਂਦਾ ਹੈ, ਤਾਂ ਕੇਂਦਰ ਦਾ ਫਰਜ਼ ਬਣਦਾ ਹੈ ਕਿ ਉਹ ਉਸ ਦੀ ਬਾਂਹ ਫੜੇ। ਅਜਿਹੇ ਔਖੇ ਸਮੇਂ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਛੱਡ ਦਿੱਤੀ। ਕੇਂਦਰੀ ਪੂਲ ਤੋਂ ਪੰਜਾਬ ਨੂੰ ਮਿਲਣ ਵਾਲੀ 1051 ਮੈਗਾਵਾਟ ਬਿਜਲੀ ਬੰਦ ਕਰ ਦਿੱਤੀ ਗਈ। ਪੰਜਾਬ ਦੇ ਬਿਜਲੀ ਮੰਤਰੀ ਅਤੇ ਅਧਿਕਾਰੀਆਂ ਵੱਲੋਂ ਵਾਰ-ਵਾਰ ਕੇਂਦਰ ਨਾਲ ਰਾਬਤਾ ਕਾਇਮ ਕਰਨ ਅਤੇ ਚਿੱਠੀਆਂ ਲਿਖਣ ਦੇ ਬਾਵਜੂਦ ਕੇਂਦਰ ਨੇ ਕੋਈ ਮਦਦ ਨਹੀਂ ਕੀਤੀ।
ਪੰਜਾਬ ਦੇ ਭਾਜਪਾ ਲੀਡਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਲੀਡਰ ਸਿਰਫ਼ ਸਿਆਸੀ ਰੋਟੀਆਂ ਸੇਕਣ ਅਤੇ ‘ਲਾਸ਼ਾਂ ‘ਤੇ ਰਾਜਨੀਤੀ’ ਕਰਨ ਤੱਕ ਸੀਮਤ ਹਨ। ਉਨ੍ਹਾ ਕਿਹਾ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਿਸ ਮੂੰਹ ਨਾਲ ਲੋਕਾਂ ਵਿੱਚ ਵੋਟਾਂ ਮੰਗਣ ਜਾਵੇਗੀ? ਜਿਹੜੇ ਲੀਡਰ ਪੰਜਾਬ ਦੀ ਧਰਤੀ ਦਾ ਅੰਨ ਖਾਂਦੇ ਹਨ, ਇੱਥੋਂ ਦਾ ਪਾਣੀ ਪੀਂਦੇ ਹਨ, ਉਹ ਕੇਂਦਰ ਅੱਗੇ ਗੁੰਗੇ-ਬੋਲੇ ਬਣ ਕੇ ਬੈਠੇ ਹਨ। ਜੇਕਰ ਉਨ੍ਹਾਂ ਵਿੱਚ ਥੋੜ੍ਹੀ ਵੀ ਗੈਰਤ ਹੈ ਤਾਂ ਉਹ ਮੋਦੀ ਸਰਕਾਰ ਕੋਲ ਆਵਾਜ਼ ਬੁਲੰਦ ਕਰਨ ਅਤੇ ਪੰਜਾਬ ਦੇ ਰੋਕੇ ਗਏ ਆਰ ਡੀ ਐੱਫ ਅਤੇ ਲਿੰਕ ਰੋਡਜ਼ ਦੇ ਫੰਡਾਂ ਦੇ ਨਾਲ-ਨਾਲ ਬਿਜਲੀ ਦਾ ਬਣਦਾ ਹਿੱਸਾ ਦਿਵਾਉਣ।ਪੰਜਾਬ ਦੇ ਨਿਵਾਸੀਆਂ, ਕਿਸਾਨ ਭਰਾਵਾਂ ਅਤੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਉਂਦਿਆਂ ਧਾਲੀਵਾਲ ਨੇ ਕਿਹਾ ਕਿ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਸੂਬੇ ਕੋਲ ਆਪਣੀ ਪਛਵਾੜਾ ਕੋਲ ਮਾਈਨ ਤੋਂ ਕੋਲੇ ਦੀ ਨਿਰੰਤਰ ਸਪਲਾਈ ਆ ਰਹੀ ਹੈ।
ਰੋਪੜ ਪਲਾਂਟ ਕੋਲ 30 ਦਿਨ, ਲਹਿਰਾ ਮੁਹੱਬਤ ਕੋਲ 11 ਦਿਨ, ਗੋਇੰਦਵਾਲ ਸਾਹਿਬ ਕੋਲ 16 ਦਿਨ, ਨਾਭਾ ਕੋਲ 8 ਦਿਨ ਅਤੇ ਤਲਵੰਡੀ ਸਾਬੋ ਕੋਲ 4 ਦਿਨ ਦਾ ਕੋਲਾ ਉਪਲੱਬਧ ਹੈ।




