ਸ਼ੁੱਧੀਕਰਨ

0
2

ਬੀਤੀ 8 ਅਗਸਤ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉੱਤਰਾਖੰਡ ਦੇ ਹਲਦਵਾਨੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਦੋ ਦਿਨ ਬਾਅਦ 10 ਅਗਸਤ ਨੂੰ ਇੱਕ ਹਿੰਦੂਤਵ ਸੰਗਠਨ ਨੇ ਰੈਲੀ ਵਾਲੀ ਥਾਂ ਦਾ ‘ਸ਼ੁੱਧੀਕਰਨ’ ਕੀਤਾ। ਕੇਂਦਰ ਅਤੇ ਉੱਤਰਾਖੰਡ ਵਿੱਚ ਭਾਜਪਾ ਸਰਕਾਰਾਂ ਨੇ ਕਈ ਦਿਨ ਤਾਂ ਸ਼ੁੱਧੀਕਰਨ ਕਰਨ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਜਦੋਂ ਰਾਹੁਲ ਗਾਂਧੀ ਨੇ ਇਸ ਅਛੂਤ ਪ੍ਰਥਾ ਵਿਰੁੱਧ ਗੱਲ ਕੀਤੀ, ਤਾਂ ਉਨ੍ਹਾਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ।
ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੀ ਦਲਿਤਾਂ ਵਿਰੁੱਧ ਛੂਤ-ਛਾਤ ਕੋਈ ਨਵੀਂ ਘਟਨਾ ਨਹੀਂ। ਇਸ ਨੂੰ ਰੋਕਣ ਲਈ ਸਮੇਂ-ਸਮੇਂ ‘ਤੇ ਕਾਨੂੰਨ ਬਣਾਏ ਗਏ ਹਨ, ਫਿਰ ਵੀ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਬਦਲ ਨਹੀਂ ਸਕੀ। ਕਾਂਗਰਸ ਪ੍ਰਧਾਨ ਖੜਗੇ ਨੇ ਇਹ ਮੁੱਦਾ ਰਾਜ ਸਭਾ ਵਿੱਚ ਵੀ ਉਠਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਤੁਰੰਤ ਖੜਗੇ ਦਾ ਸਮਰਥਨ ਕਰਨਾ ਚਾਹੀਦਾ ਸੀ ਅਤੇ ਉਨ੍ਹਾਂ ਲੋਕਾਂ ਨੂੰ ਭੰਡਣਾ ਚਾਹੀਦਾ ਸੀ, ਜੋ ਅਜੇ ਵੀ ਦਲਿਤਾਂ ਪ੍ਰਤੀ ਛੂਤ-ਛਾਤ ਨੂੰ ਧਾਰਮਕ ਫਰਜ਼ ਮੰਨਦੇ ਹਨ, ਪਰ ਨਾ ਤਾਂ ਮੋਦੀ ਅਤੇ ਨਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਸ਼ਬਦ ਬੋਲੇ। ਦੁਖੀ ਹੋ ਕੇ ਖੜਗੇ ਨੂੰ ਪੁੱਛਣਾ ਪਿਆ, ‘ਜੇ ਮੋਦੀ ਅਤੇ ਸ਼ਾਹ ਦਲਿਤ ਹੁੰਦੇ ਅਤੇ ਉਨ੍ਹਾਂ ਨਾਲ ਇਹ ਵਾਪਰਿਆ ਹੁੰਦਾ, ਤਾਂ ਕੀ ਉਹ ਚੁੱਪ ਰਹਿੰਦੇ? ‘ ਖੜਗੇ ਦੇ ਸਵਾਲ ਦੇ ਬਾਵਜੂਦ ਇਨ੍ਹਾਂ ਦੋਵਾਂ ਚੋਟੀ ਦੇ ਆਗੂਆਂ ਦੀ ਚੁੱਪੀ ਨੇ ਸ਼ਾਇਦ ਇੱਕ ਸ਼ਕਤੀਸ਼ਾਲੀ ਸੁਨੇਹਾ ਦਿੱਤਾ ਕਿ ਅਜਿਹੀ ਹਰਕਤ ਕਰਨ ਵਾਲਿਆਂ ਨੂੰ ਘਬਰਾਉਣਾ ਨਹੀਂ ਚਾਹੀਦਾ। ਨਿਤਿਨ ਨਬੀਨ ਨੇ 9 ਸਤੰਬਰ ਨੂੰ ਹਲਦਵਾਨੀ ਦੀ ਉਸੇ ਥਾਂ ਕਿਹਾ, ‘ਕਾਂਗਰਸ ਦੇ ਕੌਮੀ ਪ੍ਰਧਾਨ ਨੇ ਇਸ ਧਰਤੀ ‘ਤੇ ਇੱਕ ਸਿਆਸੀ ਖੇਡ ਖੇਡੀ ਹੈ। ਖੜਗੇ ਦੀ ਵੰਡਪਾਊ ਰਾਜਨੀਤੀ ਅਤੇ ਸੋਚ ਉੱਤਰਾਖੰਡ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਨਹੀਂ ਕਰ ਸਕਦੀ।’ ਨਿਤਿਨ ਨਬੀਨ ਦਾ ਇਹ ਬਿਆਨ ਉਨ੍ਹਾ ਦੀ ਸੋਚ, ਉਨ੍ਹਾ ਦੀ ਪਾਰਟੀ ਦੀ ਸੋਚ ਅਤੇ ਪ੍ਰਧਾਨ ਮੰਤਰੀ ਦੀ ਸੋਚ ਨੂੰ ਪ੍ਰਗਟ ਕਰਦਾ ਹੈ। ਖੜਗੇ ਬਿਲਕੁਲ ਸਹੀ ਸਨ, ਜਦੋਂ ਉਨ੍ਹਾ ਕਿਹਾ ਸੀ ਕਿ ਜੇ ਅਮਿਤ ਸ਼ਾਹ ਅਤੇ ਮੋਦੀ ਦਲਿਤ ਹੁੰਦੇ, ਤਾਂ ਉਹ ਛੂਤ-ਛਾਤ ਦਾ ਅਰਥ ਸਮਝਦੇ।
ਨਿਤਿਨ ਨਬੀਨ ਦੀ ਸਥਿਤੀ ਮਲਿਕਾਰਜੁਨ ਖੜਗੇ ਦੇ ਬਿਲਕੁਲ ਉਲਟ ਹੈ, ਉਹ ਪਰਵਾਰਵਾਦ ਦੀ ਉਪਜ ਹਨ। ਉਹ ਆਪਣੇ ਪਿਤਾ ਤੇ ਭਾਜਪਾ ਦੇ ਬਾਨੀ ਮੈਂਬਰ ਨਵੀਨ ਕਿਸ਼ੋਰ ਪ੍ਰਸਾਦ ਸਿਨਹਾ ਦੀ ਮੌਤ ਤੋਂ ਬਾਅਦ ਹੀ ਚੋਣ ਰਾਜਨੀਤੀ ਵਿੱਚ ਦਾਖਲ ਹੋਏ ਸਨ। ਉਹ ਅਮੀਰ ਅਤੇ ਪੜ੍ਹੇ-ਲਿਖੇ ਕਾਇਸਥ ਪਰਵਾਰ ਵਿੱਚ ਵੱਡੇ ਹੋਏ। ਉਹ ਕਦੇ ਵੀ ਛੂਤ-ਛਾਤ ਨੂੰ ਨਹੀਂ ਸਮਝ ਸਕਣਗੇ। ਖੜਗੇ ਦਾ ਜਨਮ ਬਹੁਤ ਹੀ ਗਰੀਬ ਪਰਵਾਰ ਵਿੱਚ ਹੋਇਆ। ਉਨ੍ਹਾ ਦੇ ਪਿਤਾ ਇੱਕ ਮਜ਼ਦੂਰ ਸਨ। ਉਹ ਸਿਰਫ 7 ਸਾਲ ਦੇ ਸਨ, ਜਦੋਂ ਬੇਰਹਿਮ ਦੰਗਾਕਾਰੀਆਂ ਨੇ ਉਨ੍ਹਾ ਦੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਉਨ੍ਹਾ ਦੀ ਮਾਂ ਅਤੇ ਭੈਣ ਮਾਰੇ ਗਏ। ਉਹ ਆਪਣੀ ਮਿਹਨਤ ਨਾਲ ਰਾਜਨੀਤੀ ਵਿੱਚ ਅੱਗੇ ਵਧੇ। ਕੇਂਦਰ ਵਿੱਚ ਮੰਤਰੀ ਬਣੇ ਤੇ ਅੱਜ ਕਾਂਗਰਸ ਦੇ ਪ੍ਰਧਾਨ ਹਨ।
ਹਲਦਵਾਨੀ ਵਿੱਚ ਕੀਤਾ ਗਿਆ ਪਾਪ ਹਿੰਦੂਤਵ ਸੰਗਠਨ ਸ੍ਰੀ ਰਾਮ ਸੈਨਾ ਚੈਰੀਟੇਬਲ ਸਰਵਿਸ ਟਰੱਸਟ ਦੇ ਮੈਂਬਰਾਂ ਨੇ ਕੀਤਾ ਸੀ। ਬਿਹਤਰ ਹੁੰਦਾ ਜੇ ਨਿਤਿਨ ਨਬੀਨ ਹਲਦਵਾਨੀ ਜਾ ਕੇ ਇਸ ਘਟਨਾ ਦੀ ਆਲੋਚਨਾ ਕਰਦੇ, ਪਰ ਇਸ ਦੀ ਬਜਾਏ ਉਨ੍ਹਾ ਦੇਸ਼ ਨੂੰ ਤੋੜਨ ਦੇ ਇਰਾਦੇ ਵਾਲੇ ਇੱਕ ਸੰਗਠਨ ਦਾ ਬਚਾਅ ਕੀਤਾ ਅਤੇ ਇੱਕ ਦਲਿਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਨਬੀਨ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਇਸ ਨਾਲ ਹਿੰਦੂ ਖੁਸ਼ ਹੋਣਗੇ ਅਤੇ ਉੱਤਰਾਖੰਡ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੋ ਜਾਵੇਗੀ। ਉਨ੍ਹਾ ਦੀ ਇਹ ਗਲਤਫਹਿਮੀ ਹੈ। ਜੰਤਰ-ਮੰਤਰ ਅਤੇ ਦੇਸ਼-ਭਰ ਵਿੱਚ ਵਿਦਿਆਰਥੀਆਂ ਦੀ ਗੂੰਜ ਦਰਸਾਉਂਦੀ ਹੈ ਕਿ ਭਾਰਤ ਬਦਲ ਰਿਹਾ ਹੈ ਅਤੇ ਜੇ ਉਹ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਬਦਲਣਾ ਪਵੇਗਾ, ਪਰ ਭਾਜਪਾ ਇੱਕ ਵਿਲੱਖਣ ਪਾਰਟੀ ਹੈ, ਜਿੱਥੇ ਮੂਰਖਤਾ ਨੂੰ ਨਾ ਸਿਰਫ ਗੁਣ ਵਜੋਂ ਸਵੀਕਾਰ ਕੀਤਾ ਜਾਂਦਾ ਹੈ, ਸਗੋਂ ਉਤਸ਼ਾਹਤ ਵੀ ਕੀਤਾ ਜਾਂਦਾ ਹੈ ਜਦਕਿ ਸਮੇਂ ਦਾ ਤਕਾਜ਼ਾ ਅਜਿਹੇ ਲੋਕਾਂ ਦਾ ‘ਸ਼ੁੱਧੀਕਰਨ’ ਕਰਨ ਦਾ ਹੈ।