ਜ਼ਿਦਾਨ ਦੀ ਇੱਛਾ ਪੂਰੀ

0
13

ਪੈਰਿਸ : ਫਰਾਂਸ ਦੇ ਮਹਾਨ ਖਿਡਾਰੀ 54 ਸਾਲਾ ਜ਼ੀਨੇਦੀਨ ਜ਼ਿਦਾਨ ਦੀ ਕੌਮੀ ਟੀਮ ਦੇ ਕੋਚ ਬਣਨ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇੱਛਾ ਮੰਗਲਵਾਰ ਹਕੀਕਤ ਬਣ ਗਈ, ਜਦੋਂ ਫਰੈਂਚ ਫੁੱਟਬਾਲ ਫੈਡਰੇਸ਼ਨ ਨੇ ਸਾਬਕਾ ਕਪਤਾਨ ਤੇ ਵਿਸ਼ਵ ਕੱਪ ਜੇਤੂ ਨੂੰ ਚਾਰ ਸਾਲਾਂ ਦੇ ਇਕਰਾਰਨਾਮੇ ‘ਤੇ ਡਿਡੀਅਰ ਡੇਸਚੈਂਪਸ ਦੇ ਜਾਨਸ਼ੀਨ ਵਜੋਂ ਨਿਯੁਕਤ ਕਰ ਦਿੱਤਾ। ਫਰਾਂਸ ਪਿਛਲੇ ਦਿਨੀਂ ਵਿਸ਼ਵ ਕੱਪ ਟੂਰਨਾਮੈਂਟ ‘ਚ ਤੀਜੀ ਪੁਜ਼ੀਸ਼ਨ ਦੇ ਮੁਕਾਬਲੇ ‘ਚ ਇੰਗਲੈਂਡ ਤੋਂ 6-4 ਨਾਲ ਹਾਰ ਗਿਆ ਸੀ।
ਰਿਸਰਚ ਸਕਾਲਰ ਦੀ ਕਰੰਟ ਨਾਲ ਮੌਤ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਸੈਕਟਰ-25 ਸਥਿਤ ਦੱਖਣੀ ਕੈਂਪਸ ਵਿੱਚ ਮੰਗਲਵਾਰ ਸਵੇਰੇ ਭਾਰੀ ਮੀਂਹ ਦੌਰਾਨ ਕਰੰਟ ਲੱਗਣ ਨਾਲ ਯੂਨੀਵਰਸਿਟੀ ਦੀ ਇੱਕ ਰਿਸਰਚ ਸਕਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਅਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਵਿੱਚ ਪੀ ਐੱਚ.ਡੀ. ਕਰ ਰਹੀ ਸੀ। ਲੜਕੀ ਗਰਲਜ਼ ਹੌਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਵਿੱਚ ਪਾਣੀ ਭਰਿਆ ਹੋਣ ਕਾਰਨ ਪਾਣੀ ਤੋਂ ਬਚਣ ਲਈ ਉਸ ਨੇ ਇੱਕ ਕੱਚੇ ਰਸਤੇ ਦੀ ਵਰਤੋਂ ਕੀਤੀ। ਕੁਝ ਹੀ ਸਕਿੰਟਾਂ ਵਿੱਚ ਉਹ ਉੱਥੇ ਲੱਗੇ ਬਿਜਲੀ ਦੇ ਬਾਕਸ ਦੇ ਕਰੰਟ ਦੀ ਲਪੇਟ ਵਿੱਚ ਆ ਗਈ। ਉਸ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਚੰਬਾ-ਡਲਹੌਜ਼ੀ ਰੋਡ ‘ਤੇ 5 ਜੀਆਂ ਦੀ ਮੌਤ
ਪਠਾਨਕੋਟ : ਚੰਬਾ ਜ਼ਿਲ੍ਹੇ ਦੇ ਪਠਾਨਕੋਟ-ਭਰਮੌਰ ਰਾਸ਼ਟਰੀ ਰਾਜਮਾਰਗ ‘ਤੇ ਲਹਾੜ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਸਾਲ ਦੇ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪਰਵਾਰ ਆਪਣੇ ਬੱਚੇ ਦੇ ਇਲਾਜ ਤੋਂ ਬਾਅਦ ਚੰਡੀਗੜ੍ਹ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ ‘ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਇੱਕ ਡੂੰਘੀ ਖੱਡ ‘ਚ ਡਿੱਗ ਗਈ। ਹਾਦਸੇ ਸਮੇਂ ਇਲਾਕੇ ਵਿੱਚ ਲਗਾਤਾਰ ਮੀਂਹ ਅਤੇ ਭਾਰੀ ਧੁੰਦ ਪੈ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਘੱਟ ਦ੍ਰਿਸ਼ਟੀ ਅਤੇ ਫਿਸਲਣ ਕਾਰਨ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਅਮਰੀਕੀ ਤੇ ਰੂਸੀ ਪੁਲਾੜ ਯਾਤਰੀ ਕਜ਼ਾਖਸਤਾਨ ‘ਚ ਸੁਰੱਖਿਅਤ ਉੱਤਰੇ
ਮਾਸਕੋ : ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਅੱਠ ਮਹੀਨੇ ਬਿਤਾਉਣ ਮਗਰੋਂ ਅਮਰੀਕੀ-ਰੂਸੀ ਪੁਲਾੜ ਅਮਲਾ ਕਜ਼ਾਖਸਤਾਨ ਦੇ ਮੈਦਾਨਾਂ ਵਿੱਚ ਸੁਰੱਖਿਅਤ ਉੱਤਰ ਗਿਆ ਹੈ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ-ਸਵਰਚਕੋਵ ਤੇ ਸਰਗੇਈ ਮਿਕੇਵ ਆਪਣੇ ਸੋਯੂਜ਼ ਐੱਮ ਐੱਸ-28 ਪੁਲਾੜ ਵਾਹਨ ਵਿਚ ਸਵਾਰ ਹੋ ਕੇ ਸੁਰੱਖਿਅਤ ਉੱਤਰੇ। ਇਹ ਵਾਹਨ ਜ਼ੈਜ਼ਕਜ਼ਗਾਨ ਦੇ ਦੱਖਣ-ਪੂਰਬ ਵਿੱਚ ਨਿਰਧਾਰਤ ਸਥਾਨ ‘ਤੇ ਪੈਰਾਸ਼ੂਟ ਦੀ ਸਹਾਇਤਾ ਨਾਲ ਆਸਾਨੀ ਨਾਲ ਉਤਰਿਆ। ਓਰਬਿਟ ਆਊਟਪੋਸਟ ਉੱਤੇ ਉਨ੍ਹਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮਜ਼ ਤੇ ਮਿਕੇਵ ਲਈ ਪਹਿਲਾ ਪੁਲਾੜ ਮਿਸ਼ਨ ਸੀ, ਜਦੋਂ ਕਿ ਕੁਡ-ਸਵਰਚਕੋਵ ਲਈ ਇਹ ਦੂਜਾ ਮਿਸ਼ਨ ਸੀ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੌਰਾਨ ਪੁਲਾੜ ਦੀ ਦੌੜ ਵਿੱਚ ਰਵਾਇਤੀ ਵਿਰੋਧੀ ਸਨ, ਹੁਣ ਪੁਲਾੜ ਸਟੇਸ਼ਨਾਂ ਅਤੇ ਹੋਰ ਪ੍ਰਾਜੈਕਟਾਂ ਵਿੱਚ ਇਕ ਦੂਜੇ ਦੇ ਸਹਿਯੋਗੀ ਹਨ।
ਅੰਮ੍ਰਿਤਸਰ ਤੋਂ ਵਿਦੇਸ਼ ਜਾਣਾ ਹੋਇਆ ਸੌਖਾ
ਚੰਡੀਗੜ੍ਹ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਮੰਗਲਵਾਰ ਨੂੰ ਇੱਕ ਵੱਡੀ ਸੌਗਾਤ ਮਿਲੀ ਹੈ। ਏਅਰ ਇੰਡੀਆ ਵੱਲੋਂ ਆਪਣੀ ਨਵੀਂ ‘ਈਜ਼ੀ ਕਨੈਕਟ’ (ਹਬ-ਐਂਡ-ਸਪੋਕ) ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਸਵੇਰੇ 7 ਵਜੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਵੱਲੋਂ ਵਰਚੁਅਲ ਢੰਗ ਨਾਲ ਕੀਤਾ ਗਿਆ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਯਾਤਰੀਆਂ ਦਾ ਸਾਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਿਮ ਪੜਾਅ ਲਈ ਬੁੱਕ ਹੋ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਕੇ ਦੁਬਾਰਾ ਆਪਣਾ ਸਾਮਾਨ ਲੈਣ, ਚੈੱਕ-ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ। ਰੋਜ਼ਾਨਾ ਦੋ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ। ਪਹਿਲੀ ਫਲਾਈਟ ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ। ਦੂਜੀ ਫਲਾਈਟ ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ। ਦਿੱਲੀ ਪਹੁੰਚਣ ਦੇ 4 ਘੰਟਿਆਂ ਦੇ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲੱਗਭੱਗ 27 ਕੌਮਾਂਤਰੀ ਮੁਕਾਮਾਂ ਲਈ ਕਨੈਕਟਿੰਗ ਉਡਾਣਾਂ ਉਪਲੱਬਧ ਹੋਣਗੀਆਂ।