ਫਿਲੌਰ (ਨਿਰਮਲ)
ਜਲੰਧਰ ਦਿਹਾਤੀ ਪੁਲਸ ਨੇ ਐਤਵਾਰ ਸਵੇਰੇ ਗੰਨਾ ਪਿੰਡ ਦੀ ਵੱਡੇ ਪੱਧਰ ‘ਤੇ ਘੇਰਾਬੰਦੀ ਕਰਕੇ ਤਲਾਸ਼ੀ ਲਈ | ਐੱਸ ਟੀ ਐੱਫ ਦੇ ਅਧਿਕਾਰੀਆਂ ਸਮੇਤ ਇਸ ਮੁਹਿੰਮ ਲਈ 600 ਦੇ ਕਰੀਬ ਪੁਲਸ ਮੁਲਾਜ਼ਮ ਝੋਕੇ ਗਏ | ਇਹ ਪਿੰਡ ਨਸ਼ਿਆਂ ਦੀ ਤਸਕਰੀ ਲਈ ਕਾਫੀ ਬਦਨਾਮ ਹੈ | ਪਿੰਡ ਕੇ 550 ਦੇ ਕਰੀਬ ਘਰਾਂ ‘ਚੋਂ 200 ਦੇ ਕਰੀਬ ਘਰਾਂ ‘ਤੇ ਨਸ਼ੇ ਦੇ ਕੇਸ ਦਰਜ ਹਨ | ਕੁੱਲ ਮਿਲਾ ਕੇ ਇਸ ਪਿੰਡ ਦੇ ਵਸਨੀਕਾਂ ‘ਤੇ ਐੱਨ ਡੀ ਪੀ ਐੱਸ ਐਕਟ ਦੀਆਂ 300 ਦੇ ਕਰੀਬ ਐੱਫ ਆਈ ਆਰ ਦਰਜ ਹਨ, ਪਰ ਛਾਪੇ ਦੌਰਾਨ ਕੋਈ ਬਹੁਤ ਵੱਡੀ ਸਫਲਤਾ ਪੁਲਸ ਦੇ ਹੱਥ ਨਹੀਂ ਲੱਗੀ | ਪਿੰਡ ਦੇ ਸਰਪੰਚ ਨੇ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲੇ ਲੋਕਾਂ ਨੇ ਪਿੰਡ ਦਾ ਨਾਂਅ ਇਸ ਹੱਦ ਤੱਕ ਬਦਨਾਮ ਕੀਤਾ ਹੈ ਕਿ ਦੂਜੇ ਪਿੰਡਾਂ ਦੇ ਪਰਵਾਰਾਂ ਨੇ ਇਸ ਪਿੰਡ ਵਿਚ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ | ਐੱਸ ਐੱਸ ਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ 10-10 ਪੁਲਸ ਮੁਲਾਜ਼ਮਾਂ ਦੀਆਂ 60 ਟੀਮਾਂ ਬਣਾਈਆਂ ਗਈਆਂ ਸਨ | ਜ਼ਿਲ੍ਹਾ ਜਲੰਧਰ ਦਾ ਐੱਸ ਟੀ ਐੱਫ ਵਿੰਗ ਵੀ ਹਰ ਟੀਮ ਦਾ ਹਿੱਸਾ ਸੀ | ਪੁਲਸ ਵੱਲੋਂ 36 ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ | ਤਲਾਸ਼ੀ ਮੁਹਿੰਮ ਦੌਰਾਨ 92 ਕਿਲੋ ਭੁੱਕੀ, 60 ਗ੍ਰਾਮ ਹੈਰੋਇਨ, 260 ਲੀਟਰ ਦੇਸੀ ਨਜਾਇਜ਼ ਸ਼ਰਾਬ, 5 ਲੱਖ ਰੁਪਏ ਡਰੱਗ ਮਨੀ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ |
ਛੇ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ ਐੱਨ ਡੀ ਪੀ ਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਪੰਜ ਕੇਸ ਦਰਜ ਕੀਤੇ ਗਏ ਹਨ |