ਜੱਜ ਦੀ ਪਤਨੀ ਪੱਖੇ ਨਾਲ ਲਟਕਦੀ ਮਿਲੀ, 3 ਖੁਦਕੁਸ਼ੀ ਨੋਟ ਮਿਲੇ

0
350

ਨਵੀਂ ਦਿੱਲੀ : ਇਥੋਂ ਦੀ ਅਦਾਲਤ ਦੇ ਜੱਜ ਦੀ ਪਤਨੀ ਦੱਖਣੀ ਦਿੱਲੀ ‘ਚ ਆਪਣੇ ਭਰਾ ਦੇ ਘਰ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ | ਪੁਲਸ ਨੇ ਦੱਸਿਆ ਕਿ ਰਾਜਪੁਰ ਖੁਰਦ ਐਕਸਟੈਨਸ਼ਨ ਸਥਿਤ ਫਲੈਟ ਤੋਂ ਤਿੰਨ ਸੁਸਾਈਡ ਨੋਟ ਬਰਾਮਦ ਹੋਏ ਹਨ |
ਸਨਿੱਚਰਵਾਰ ਰਾਤ ਕਰੀਬ 10.30 ਵਜੇ ਸਾਕੇਤ ਅਦਾਲਤ ਦੇ ਜੱਜ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦੀ ਪਤਨੀ ਕਰੀਬ 11.30 ਵਜੇ ਮਾਲਵੀਆ ਨਗਰ ਬਾਜ਼ਾਰ ਗਈ ਸੀ, ਪਰ ਵਾਪਸ ਨਹੀਂ ਆਈ | ਉਸ ਨੇ ਸਾਕੇਤ ਪੁਲਸ ਸਟੇਸ਼ਨ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ | ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਦੀ ਜਾਂਚ ਕੀਤੀ ਅਤੇ 42 ਸਾਲਾ ਔਰਤ ਨੂੰ ਆਟੋ ਰਿਕਸ਼ਾ ਵਿਚ ਸਵਾਰ ਹੁੰਦੇ ਦੇਖਿਆ | ਪੁੱਛ-ਪੜਤਾਲ ਕਰਨ ‘ਤੇ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਜੱਜ ਦੀ ਪਤਨੀ ਨੂੰ ਰਾਜਪੁਰ ਖੁਰਦ ਵਿਖੇ ਛੱਡ ਗਿਆ ਸੀ | ਪੁਲਸ ਦੀ ਡਿਪਟੀ ਕਮਿਸ਼ਨਰ (ਦੱਖਣੀ) ਬੇਨੀਤਾ ਮੈਰੀ ਜੈਕਰ ਨੇ ਕਿਹਾ ਕਿ ਇਹ ਜਾਣਕਾਰੀ ਜੱਜ ਨਾਲ ਸਾਂਝੀ ਕੀਤੀ ਗਈ ਤਾਂ ਉਨ੍ਹਾ ਪੁਸ਼ਟੀ ਕੀਤੀ ਕਿ ਉਸ ਦਾ ਸਾਲਾ ਉਸ ਖੇਤਰ ਵਿਚ ਰਹਿੰਦਾ ਹੈ | ਜੱਜ ਪੁਲਸ ਦੇ ਨਾਲ ਇਮਾਰਤ ‘ਤੇ ਪਹੁੰਚੇ ਅਤੇ ਦੇਖਿਆ ਕਿ ਫਲੈਟ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ |
ਡੀ ਸੀ ਪੀ ਨੇ ਕਿਹਾ ਕਿ ਪੁਲਸ ਲੋਹੇ ਦੀਆਂ ਗਰਿੱਲਾਂ ਨੂੰ ਤੋੜਨ ਤੋਂ ਬਾਅਦ ਫਲੈਟ ‘ਚ ਦਾਖਲ ਹੋਈ ਤਾਂ ਔਰਤ ਛੱਤ ਵਾਲੇ ਪੱਖੇ ਨਾਲ ‘ਦੁਪੱਟੇ’ ਨਾਲ ਲਟਕਦੀ ਮਿਲੀ | ਪਹਿਲੀ ਮੰਜ਼ਲ ਸਥਿਤ ਇਹ ਫਲੈਟ ਖਾਲੀ ਸੀ | ਦੂਜੀ ਮੰਜ਼ਲ ‘ਤੇ ਉਸ ਦੇ ਭਰਾ ਦਾ ਪਰਵਾਰ ਰਹਿੰਦਾ ਹੈ | ਤਿੰਨ ਸੁਸਾਈਡ ਨੋਟ ਵੀ ਮਿਲੇ ਹਨ | ਲਾਸ਼ ਨੂੰ ਏਮਜ਼ ਦੇ ਮੁਰਦਾਘਰ ‘ਚ ਭੇਜ ਦਿੱਤਾ ਗਿਆ ਹੈ |

LEAVE A REPLY

Please enter your comment!
Please enter your name here