ਸਿਧਾਰਥ ਤੇ ਬੇਨੀਵਾਲ ਬਸਪਾ ‘ਚੋਂ ਆਊਟ

0
4

ਮਾਇਆਵਤੀ ਨੇ ਰਾਮਜੀ ਗੌਤਮ ਨੂੰ ਪੰਜਾਬ ਦਾ ਨਵਾਂ ਇੰਚਾਰਜ ਥਾਪਿਆ
ਲਖਨਊ (ਨ ਜ਼ ਸ)
ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਪਾਰਟੀ ਵਿੱਚੋਂ ਫਿਰ ਕੱਢ ਦਿੱਤਾ ਹੈ। ਉਸ ਨੇ ਐਤਵਾਰ ਕਿਹਾ, ‘ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਅਸ਼ੋਕ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹੁਣ ਉਸ ਨੂੰ ਕਦੇ ਵੀ ਪਾਰਟੀ ਵਿੱਚ ਵਾਪਸ ਨਹੀਂ ਲਿਆ ਜਾਵੇਗਾ।’ ਮਾਇਆਵਤੀ ਨੇ ਰਣਧੀਰ ਸਿੰਘ ਬੇਨੀਵਾਲ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਬੇਨੀਵਾਲ ਬਸਪਾ ਕੋਆਰਡੀਨੇਟਰ ਸੀ ਅਤੇ ਉਸ ਨੂੰ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਡੇਢ ਸਾਲ ਵਿੱਚ ਇਹ ਦੂਜੀ ਵਾਰ ਹੈ, ਜਦੋਂ ਮਾਇਆਵਤੀ ਨੇ ਅਸ਼ੋਕ ਸਿਧਾਰਥ ਨੂੰ ਪਾਰਟੀ ਵਿੱਚੋਂ ਕੱਢਿਆ ਹੈ। 12 ਫਰਵਰੀ, 2025 ਨੂੰ ਉਸ ਨੂੰ ਵੀ ਧੜੇਬੰਦੀ ਦੇ ਕਾਰਨ ਕੱਢ ਦਿੱਤਾ ਗਿਆ ਸੀ। ਹਾਲਾਂਕਿ, ਛੇ ਮਹੀਨੇ ਬਾਅਦ ਸਤੰਬਰ ਵਿੱਚ ਬਹਾਲ ਕਰ ਦਿੱਤਾ ਸੀ। ਅਸ਼ੋਕ ਸਿਧਾਰਥ ਤਾਮਿਲਨਾਡੂ, ਕੇਰਲਾ, ਕਰਨਾਟਕ, ਗੁਜਰਾਤ, ਛੱਤੀਸਗੜ੍ਹ ਅਤੇ ਦਿੱਲੀ ਵਿੱਚ ਬਸਪਾ ਦਾ ਇੰਚਾਰਜ ਸੀ। ਮਾਇਆਵਤੀ ਨੇ ਸ਼ਨੀਵਾਰ ਉਸ ਤੋਂ ਇਨ੍ਹਾਂ ਰਾਜਾਂ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰਿਪੋਰਟਾਂ ਸਾਹਮਣੇ ਆਈਆਂ ਕਿ ਸਿਧਾਰਥ ਨੂੰ ਯੂ ਪੀ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਮਾਇਆਵਤੀ ਨੇ ਐਤਵਾਰ ਨੂੰ ‘ਐੱਕਸ’ ‘ਤੇ ਲਿਖਿਆ—ਵਾਰ-ਵਾਰ ਚੇਤਾਵਨੀਆਂ ਦੇਣ ‘ਤੇ ਵੀ ਅਸ਼ੋਕ ਸਿਧਾਰਥ ਦਾ ਰਵੱਈਆ ਬਦਲਿਆ ਨਹੀਂ। ਨਤੀਜੇ ਵਜੋਂ, ਉਸ ਤੋਂ ਸਾਰੀਆਂ ਜ਼ਿੰਮੇਵਾਰੀਆਂ ਖੋਹ ਲਈਆਂ ਗਈਆਂ ਸਨ। ਇਸ ਦੇ ਬਾਵਜੂਦ ਉਸ ਨੇ ਯੂ ਪੀ ਵਾਪਸ ਆਉਣ ਦੀਆਂ ਅਫਵਾਹਾਂ ਫੈਲਾ ਕੇ ਪਾਰਟੀ ਵਰਕਰਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਸਾਜ਼ਿਸ਼ ਰਚੀ। ਇਸ ਲਈ ਹੁਣ ਉਸ ਨੂੰ ਪਾਰਟੀ ਵਿੱਚੋਂ ਪੂਰੀ ਤਰ੍ਹਾਂ ਕੱਢ ਦਿੱਤਾ ਗਿਆ ਹੈ।
ਅਸ਼ੋਕ ਸਿਧਾਰਥ ਅਤੇ ਰਣਧੀਰ ਸਿੰਘ ਬੇਨੀਵਾਲ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਮਾਇਆਵਤੀ ਨੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ। ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਤੱਕ ਇਸ ਅਹੁਦੇ ‘ਤੇ ਰਹਿਣਗੇ। ਮੱਧ ਪ੍ਰਦੇਸ਼ ਦੇ ਇੰਚਾਰਜ ਰਾਜਾਰਾਮ ਨੂੰ ਦਿੱਲੀ, ਕੇਰਲਾ, ਗੁਜਰਾਤ ਅਤੇ ਕਰਨਾਟਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮਾਇਆਵਤੀ ਨੇ ਸਪੱਸ਼ਟ ਕੀਤਾ ਕਿ ਯੂ ਪੀ ਦੇ ਪਾਰਟੀ ਅਧਿਕਾਰੀ ਜਾਂ ਕੋਆਰਡੀਨੇਟਰ, ਜੋ ਰਾਜ ਤੋਂ ਬਾਹਰ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ, ਨੂੰ ਯੂ ਪੀ ਵਿੱਚ ਕੋਈ ਪਾਰਟੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਅਸ਼ੋਕ ਸਿਧਾਰਥ ਦੇ ਕਰੀਬੀ ਸਹਿਯੋਗੀ ਅਤੇ ਤਿੰਨ ਰਾਜਾਂ ਵਿੱਚ ਉਸ ਦੇ ਕੋ-ਇੰਚਾਰਜ ਨਿਤਿਨ ਸਿੰਘ ਤੋਂ ਵੀ ਕੇਰਲਾ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਪਾਰਟੀ ਦੀ ਜ਼ਿੰਮੇਵਾਰੀ ਖੋਹ ਲਈ ਗਈ ਹੈ।
ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ ਅਤੇ ਸਾਜ਼ਿਸ਼ਕਾਰਾਂ ਤੋਂ ਸਾਵਧਾਨ ਰਹਿਣ, ਜੋ ਬਸਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਦੀ ਮੁਹਿੰਮ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਇਆਵਤੀ ਨੇ ਸੰਗਠਨ ਵਿੱਚ ਧੜੇਬੰਦੀ ਦੇ ਕਾਰਨ ਪਿਛਲੇ ਸਾਲ ਅਸ਼ੋਕ ਸਿਧਾਰਥ ਦੇ ਨਾਲ-ਨਾਲ ਨਿਤਿਨ ਸਿੰਘ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਉਸ ਸਮੇਂ ਮਾਇਆਵਤੀ ਨੇ ਕਿਹਾ ਸੀ ਕਿ ਅਸ਼ੋਕ ਸਿਧਾਰਥ ਅਤੇ ਨਿਤਿਨ ਸਿੰਘ ਪਾਰਟੀ ਵਿਰੁੱਧ ਸਾਜ਼ਿਸ਼ ਰਚ ਰਹੇ ਸਨ। ਇਸ ਤੋਂ ਬਾਅਦ ਮਾਇਆਵਤੀ ਨੇ ਪਹਿਲਾਂ 2 ਮਾਰਚ ਨੂੰ ਆਕਾਸ਼ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਫਿਰ 3 ਮਾਰਚ ਨੂੰ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਮੁਆਫੀ ਮੰਗਣ ਤੋਂ ਬਾਅਦ ਆਕਾਸ਼ ਨੂੰ 13 ਅਪ੍ਰੈਲ ਨੂੰ ਬਹਾਲ ਕਰ ਦਿੱਤਾ। ਛੇ ਮਹੀਨਿਆਂ ਬਾਅਦ ਅਸ਼ੋਕ ਸਿਧਾਰਥ ਪਾਰਟੀ ਵਿੱਚ ਵਾਪਸ ਆ ਗਿਆ।