ਬ੍ਰਿਜ ਭੂਸ਼ਣ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਰੀ

0
6

ਨਵੀਂ ਦਿੱਲੀ (ਨ ਜ਼ ਸ)-ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਸ਼ਵਨੀ ਪਵਾਰ ਨੇ ਸੋਮਵਾਰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਸਮੇਤ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ ਐੱਫ ਆਈ) ਦੇ ਸਾਬਕਾ ਮੁਖੀ ਅਤੇ ਸਾਬਕਾ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ‘ਤੇ ਬਰੀ ਕਰ ਦਿੱਤਾ। 2023 ਦੇ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਡਬਲਿਊ ਐੱਫ ਆਈ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਹਰਿਆਣਾ ਦੀ ਕਾਂਗਰਸ ਵਿਧਾਇਕ ਫੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫੈਸਲੇ ਖਿਲਾਫ ਅਪੀਲ ਕਰਨ ਲਈ ਕਿਹਾ ਹੈ ਅਤੇ ਇਹ ਜਲਦੀ ਤੋਂ ਜਲਦੀ ਦਾਇਰ ਕੀਤੀ ਜਾਵੇਗੀ। ਮੁਲਜ਼ਮਾਂ ਦੇ ਵਕੀਲ ਰਾਜੀਵ ਮੋਹਨ ਨੇ ਕਿਹਾ ਕਿ ਬੰਦ ਕਮਰੇ (ਇਨ-ਕੈਮਰਾ) ਦੀ ਕਾਰਵਾਈ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸੰਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ।
ਕੋਰਟ ਰੂਮ ਤੋਂ ਬਾਹਰ ਆਉਂਦਿਆਂ ਬ੍ਰਿਜ ਭੂਸ਼ਣ ਨੇ ਕਿਹਾ, ‘ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜੇ ਦੋਸ਼ ਸੱਚ ਹਨ, ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਇਹ ਮੇਰੇ ਲਈ ਚੰਗੀ ਖਬਰ ਹੈ ਅਤੇ ਮੇਰੇ ਸਮਰਥਕਾਂ ਲਈ ਚੰਗੀ ਖ਼ਬਰ ਹੈ। ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ।’
ਖੇਡ ਜਗਤ ਨੂੰ ਹਿਲਾ ਦੇਣ ਵਾਲੇ ਇਹ ਦੋਸ਼ ਅਪਰੈਲ-ਮਈ 2023 ਵਿੱਚ ਸਾਹਮਣੇ ਆਏ ਸਨ, ਜਦੋਂ ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ ਸੀ ਅਤੇ ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ।
ਫੋਗਾਟ, ਪਹਿਲਵਾਨ ਸਾਖ਼ਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੇ ਨਾਲ 36 ਦਿਨਾਂ ਦੇ ਧਰਨੇ ਦਾ ਚਿਹਰਾ ਸਨ। ਫੋਗਾਟ ਅਤੇ ਪੂਨੀਆ ਨੇ ਕਿਹਾ ਹੈ ਕਿ ਪਹਿਲਵਾਨਾਂ ਨੇ ਉਮੀਦ ਨਹੀਂ ਛੱਡੀ ਅਤੇ ਆਪਣੀ ਲੜਾਈ ਜਾਰੀ ਰੱਖਣਗੇ। ਸ਼ੁਰੂ ਤੋਂ ਹੀ ਪੂਰਾ ਪ੍ਰਸ਼ਾਸਨ, ਸਰਕਾਰ ਅਤੇ ਸਿਸਟਮ ਬ੍ਰਿਜ ਭੂਸ਼ਣ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।