ਏ ਆਈ ਦੇ ਦੌਰ ‘ਚ ਆਉਣ ਵਾਲੇ ਚਾਰ ਸਾਲ ਨਿਰਣਾਇਕ ਹੋਣਗੇ : ਜਗਰੂਪ

0
6

ਜਲਾਲਾਬਾਦ (ਬਲਵਿੰਦਰ ਸਿੰਘ)
ਇੱਥੇ ਸਥਾਨਕ ਸੁਤੰਤਰ ਭਵਨ ਦਫਤਰ ਸੀ.ਪੀ.ਆਈ. ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਚਲਾਈ ‘ਬਨੇਗਾ ਪ੍ਰਾਪਤੀ ਮੁਹਿੰਮ’ ਅਤੇ ਕੰਸਟ੍ਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ‘ਮੌਜੂਦਾ ਹਾਲਾਤ ਅਤੇ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ’ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਇਲਾਕੇ ਭਰ ਦੇ ਵੱਡੀ ਗਿਣਤੀ ‘ਚ ਨੌਜਵਾਨਾਂ, ਵਿਦਿਆਰਥੀਆਂ ਅਤੇ ਉਸਾਰੀ ਕਿਰਤੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਅਗਵਾਈ ਕੰਸਟ੍ਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਦੇ ਸੂਬਾਈ ਆਗੂ ਪਰਮਜੀਤ ਸਿੰਘ ਢਾਬਾਂ, ਜ਼ਿਲ੍ਹਾ ਸਕੱਤਰ ਸੋਨਾ ਸਿੰਘ ਧੁੰਨਕੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਸੰਦੀਪ ਜੋਧਾ, ਬਲਾਕ ਜਲਾਲਾਬਾਦ ਦੇ ਪ੍ਰਧਾਨ ਅਸ਼ੋਕ ਢਾਬਾਂ, ਬਲਵਿੰਦਰ ਘੁਬਾਇਆ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਆਗੂ ਸੁਨੀਲ ਢਾਣੀ, ਬਚਨ ਸਿੰਘ, ਅਨੀਸ਼ਾ ਰਾਣੀ ਅਤੇ ਗੁਰਪਿੰਦਰ ਠਠੇਰਾਂ ਨੇ ਕੀਤੀ। ਇਸ ਸੈਮੀਨਾਰ ਵਿੱਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸੈਮੀਨਾਰ ਦੇ ਉਦਘਾਟਨ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਫਲਸਫ਼ਾ ਅਦੁੱਤੀ ਕੁਰਬਾਨੀ ਨਾਲ ਲੈਸ ਹੈ ਅਤੇ ਅੱਜ ਲੋੜ ਹੈ ਕਿ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰੇ। ਉਹਨਾਂ ਅੱਗੇ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇਕ ਲਈ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਬੇਰੁਜ਼ਗਾਰ ਜਵਾਨੀ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
ਇਸ ਸੈਮੀਨਾਰ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਸਿਰਫ ਬਦਲਾ ਲੈਣ ਲਈ ਹੀ ਨਹੀਂ 21 ਸਾਲ ਇੰਤਜ਼ਾਰ ਕੀਤਾ, ਸਗੋਂ ਆਪਣੇ ਇਨਕਲਾਬੀ ਮਕਸਦ ਨੂੰ ਅੰਜਾਮ ਦੇਣ ਲਈ ਇਕ ਕੌਮਾਂਤਰੀ ਮੰਚ ਦੀ ਵਰਤੋਂ ਕਰਨ ਦੇ ਮੌਕੇ ਦਾ ਇੰਤਜ਼ਾਰ ਕੀਤਾ ਅਤੇ ਜਦੋਂ ਹੀ ਮੌਕਾ ਮਿਲਿਆ, ਓਦੋਂ ਹੀ ਐਕਸ਼ਨ ਕਰਕੇ ਆਪਣੇ ਇਨਕਲਾਬੀ ਪ੍ਰੋਗਰਾਮ ਦਾ ਪ੍ਰਚਾਰ ਅਤੇ ਪ੍ਰਦਰਸ਼ਨ ਕੀਤਾ। ਉਹਨਾਂ ਦੇ ਇਸ ਐਕਸ਼ਨ ਨੇ ਸੱਚਮੁੱਚ ਭਾਰਤੀ ਆਜ਼ਾਦੀ ਦੇ ਅੰਦੋਲਨ ਵਿਚ ਇਨਕਲਾਬੀ ਰੂਹ ਫ਼ੂਕੀ।
ਸਾਥੀ ਜਗਰੂਪ ਨੇ ਅਜੋਕੇ ਹਾਲਾਤ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਦੌਰ ਹੈ ਅਤੇ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਆਉਣ ਵਾਲੇ ਚਾਰ ਸਾਲ ਸੰਸਾਰ ਲਈ ਨਿਰਣਾਇਕ ਹਨ। ਦੁਨੀਆ ਦੀ ਸਰਮਾਏਦਾਰੀ ਕੋਲ ਏ.ਆਈ. ਦੀ ਮਾਲਕੀ ਹੋਣ ਕਰਕੇ ਆਪਣੇ ਮੁਨਾਫ਼ੇ ਨੂੰ ਵੱਡਾ ਕਰਨ ਲਈ ਤਾਣ ਲਗਾ ਰਹੀ ਹੈ, ਪਰ ਦੂਜੇ ਪਾਸੇ ਏ.ਆਈ. ਦੀ ਸਰਮਾਏਦਾਰੀ ਲਈ ਵਰਤੋਂ ਸਮਾਜ ਵਿੱਚ ਵੱਡੇ ਪਾੜੇ ਹੋਣਗੇ ਅਤੇ ਆਮ ਜਨਤਾ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝੀ ਹੋ ਜਾਵੇਗੀ। ਸਾਥੀ ਜਗਰੂਪ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਆਮ ਜਨਤਾ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ਼ ਕਰੇਗੀ ਅਤੇ ਇਕ ਇਨਕਲਾਬੀ ਤਬਦੀਲੀ ਲਾਜ਼ਮੀ ਸੰਭਵ ਹੋਵੇਗੀ।ਇਸ ਮੌਕੇ ਹੋਰਾਂ ਤੋਂ ਇਲਾਵਾ ਇਸਤਰੀ ਸਭਾ ਦੀ ਆਗੂ ਹਰਜੀਤ ਕੌਰ ਢੰਡੀਆਂ, ਹਰਮੇਸ਼ ਪੀਰ ਮੁਹੰਮਦ, ਬਲਵੰਤ ਚੋਹਾਣਾ, ਕ੍ਰਿਸ਼ਨ ਧਰਮੂ ਵਾਲਾ, ਬਲਵਿੰਦਰ ਘੁਰੀ, ਧਰਮਿੰਦਰ ਮੁਰਕਵਾਲਾ, ਤੇਜਾ ਅਮੀਰ ਖਾਸ, ਰਾਜੂ ਟਾਹਲੀ ਵਾਲਾ, ਪੰਕਜ ਕੁਮਾਰ, ਕੈਲਾਸ਼ ਬਾਈ ਡੱਬ ਵਾਲਾ ਕਲਾਂ, ਛਿੰਦਰਪਾਲ ਛੱਪੜੀਵਾਲਾ, ਸੋਹਨ ਸਿੰਘ ਸਾਬਕਾ ਸਰਪੰਚ ਬਸਤੀ ਚੱਕ ਸੁੱਕੜ, ਸਤਨਾਮ ਦਾਸ, ਧਰਮਿੰਦਰ ਰਹਿਮੇ ਸ਼ਾਹ ਹਾਜ਼ਰ ਸਨ।