ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਈ-20 ਪੈਟਰੋਲ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਿਵਾਸ ਵੱਲ ਮਾਰਚ ਦੀ ਅਗਵਾਈ ਕੀਤੀ। ਹਾਲਾਂਕਿ, ਦਿੱਲੀ ਪੁਲਸ ਨੇ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਜੈਸਮੀਨ ਸ਼ਾਹ ਅਤੇ ਹੋਰ ਪਾਰਟੀ ਨੇਤਾਵਾਂ ਨੂੰ ਫਿਰੋਜ਼ਸ਼ਾਹ ਰੋਡ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ, ਕੇਜਰੀਵਾਲ ਅਤੇ ਹੋਰ ਆਗੂ ਸੜਕ ਦੇ ਵਿਚਕਾਰ ਧਰਨਾ ਦੇ ਕੇ ਬੈਠ ਗਏ। ‘ਆਪ’ ਨੇ ਇਹ ਮਾਰਚ ਲਗਪਗ 100 ਆਗੂਆਂ ਅਤੇ ਵਰਕਰਾਂ ਨਾਲ ਆਯੋਜਤ ਕੀਤਾ। ਕੇਜਰੀਵਾਲ ਨੇ ਕਿਹਾ ਕਿ 2,30,000 ਤੋਂ ਵੱਧ ਲੋਕਾਂ ਨੇ ਈ-20 ਦੇ ਖਿਲਾਫ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ ਸਨ, ਜੋ ਉਹ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਪਹੁੰਚਾਉਣਾ ਚਾਹੁੰਦੇ ਸਨ, ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾ ਨੇ ਸਾਰੇ ਪੱਤਰ ਸੁਨੇਹੇ ਦੇ ਨਾਲ ਪੁਲਸ ਰਾਹੀਂ ਮੋਦੀ ਨੂੰ ਭੇਜ ਦਿੱਤੇ ਹਨ। ਉਮੀਦ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਟਰੰਪ ਦੇ ਦਬਾਅ ਹੇਠ ਅਮਰੀਕਾ ਤੋਂ ਈਥਾਨੌਲ ਖਰੀਦ ਰਹੀ ਹੈ।
ਅਮਰੀਕਾ ਦੁਨੀਆ ਵਿੱਚ ਸਭ ਤੋਂ ਵੱਧ ਈਥਾਨੌਲ ਪੈਦਾ ਕਰਦਾ ਹੈ ਅਤੇ ਭਾਰਤ ‘ਤੇ ਇਸਨੂੰ ਖਰੀਦਣ ਲਈ ਦਬਾਅ ਪਾਇਆ ਹੈ। ਕੇਜਰੀਵਾਲ ਨੇ ਕਿਹਾ, ”ਅਮਰੀਕੀ ਕੂੜਾ ਖਰੀਦਿਆ ਜਾ ਰਿਹਾ ਹੈ ਅਤੇ ਸਾਡੇ 30 ਲੱਖ ਵਾਹਨਾਂ ‘ਤੇ ਜ਼ਬਰਦਸਤੀ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ, ਸਾਨੂੰ ਨੀਟ ਅੰਦੋਲਨ ਤੋਂ ਵੀ ਵੱਡੀ ਲਹਿਰ ਦੀ ਲੋੜ ਹੈ।” ਉਨ੍ਹਾ ਦੇਸ਼-ਭਰ ਦੇ ਲੋਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਈ-20 ਨੀਤੀ ਵਿਰੁੱਧ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।





