ਪੰਜਾਬ ਦੇ 20 ਲੱਖ ਵੋਟਰਾਂ ‘ਤੇ ਮੰਡਰਾਇਆ ਖਤਰਾ

0
5

ਚੰਡੀਗੜ੍ਹ (ਨ ਜ਼ ਸ)
ਪੰਜਾਬ ਵਿੱਚ ਵੋਟਰ ਸੂਚੀਆਂ ਦੀ ਡੂੰਘੀ ਸੁਧਾਈ (ਐੱਸ ਆਈ ਆਰ) ਦਾ ਕਾਰਜ ਮੁਕੰਮਲ ਹੋਣ ਦੇ ਨਾਲ ਹੀ 20 ਲੱਖ ਦੇ ਕਰੀਬ ਉਨ੍ਹਾਂ ਵੋਟਰਾਂ ‘ਤੇ ਤਲਵਾਰ ਲਟਕ ਗਈ ਹੈ, ਜਿਨ੍ਹਾਂ ਬੀ ਐੱਲ ਓਜ਼ ਨੂੰ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ, ਜਦੋਂ ਕਿ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ।
ਬੀ ਐੱਲ ਓਜ਼ ਕੋਲ ਗਣਨਾ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਵਿੱਚ 9.44 ਲੱਖ ਵੋਟਰ ਸ਼ਿਫਟ ਹੋ ਗਏ ਅਤੇ 4.12 ਲੱਖ ਵੋਟਰ ਘਰ ਵਿਚ ਮਿਲੇ ਨਹੀਂ। ਇਸ ਤੋਂ ਇਲਾਵਾ ਪੰਜਾਬ ਵਿੱਚ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮਿੱਤਰਾ ਨੇ ਕਿਹਾ ਕਿ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ ਕਰਨ ਸਮੇਂ ਕੁੱਲ 2.14 ਕਰੋੜ ਵੋਟਰ ਸਨ, ਜਿਨ੍ਹਾਂ ਵਿੱਚੋਂ 90.37 ਫੀਸਦ ਵੋਟਰਾਂ (1.93 ਕਰੋੜ) ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਹਨ, ਜਦੋਂ ਕਿ 9.63 ਫੀਸਦ (20 ਲੱਖ ਦੇ ਕਰੀਬ) ਵੋਟਰਾਂ ਨੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਹਨ।
ਉਨ੍ਹਾ ਕਿਹਾ ਕਿ ਪੰਜਾਬ ਵਿੱਚ ਗਣਨਾ ਫਾਰਮ ਜਮ੍ਹਾਂ ਕਰਾਉਣ ਵਾਲੇ ਵੋਟਰਾਂ ਵਿੱਚੋਂ 12 ਲੱਖ ਦੇ ਕਰੀਬ ਵੋਟਰਾਂ ਦੀ ਮੈਪਿੰਗ ਨਹੀਂ ਹੋਈ ਹੈ। ਇਸ ਲਈ ਚੋਣ ਕਮਿਸ਼ਨ ਵੱਲੋਂ 13 ਅਗਸਤ ਤੋਂ 12 ਸਤੰਬਰ ਤੱਕ ਇਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕਰਕੇ ਮੈਪਿੰਗ ਦੇ ਕੰਮ ਨੂੰ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਨਵੇਂ ਆਦੇਸ਼ਾਂ ਅਨੁਸਾਰ ਜਿਨ੍ਹਾਂ ਪੋਲਿੰਗ ਬੂਥਾਂ ‘ਤੇ 1200 ਵੋਟਾਂ ਤੋਂ ਵੱਧ ਵੋਟਾਂ ਹਨ, ਉਨ੍ਹਾਂ ਪੋਲਿੰਗ ਬੂਥਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪਹਿਲਾਂ ਪੰਜਾਬ ਵਿੱਚ 24453 ਪੋਲਿੰਗ ਬੂਥ ਸਨ, ਜੋ ਕਿ ਹੁਣ ਵੱਧ ਕੇ 25332 ਪੋਲਿੰਗ ਬੂਥ ਹੋ ਗਏ ਹਨ।
ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕਾਰਜ ਨੂੰ ਮੁਕੰਮਲ ਕਰਨ ਲਈ 24500 ਪੋਲਿੰਗ ਬੂਥਾਂ ‘ਤੇ 24 ਹਜ਼ਾਰ ਬੀ ਐੱਲ ਓਜ਼, 2500 ਸੁਪਰਵਾਈਜ਼ਰ, 800 ਏ ਈ ਆਰ ਓ, 117 ਈ ਆਰ ਓ ਅਤੇ 23 ਡਿਪਟੀ ਕਮਿਸ਼ਨਰ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਵੱਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਪਹਿਲੇ ਫੇਜ਼ ਨੂੰ ਮੁਕੰਮਲ ਕੀਤਾ ਗਿਆ।