ਸੁਲਤਾਨਪੁਰ ਲੋਧੀ : ਤਲਵੰਡੀ ਚੌਧਰੀਆਂ ਸੜਕ ‘ਤੇ ਪਿੰਡ ਸਵਾਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦ ਕਿ ਇੱਕ ਮਹਿਲਾ ਗੰਭੀਰ ਜ਼ਖ਼ਮੀ ਹੈ। ਰਾਤ ਵੇਲੇ ਮਹਿੰਦਰਾ ਐਕਸ ਯੂ ਵੀ 500 ਸੁਲਤਾਨਪੁਰ ਲੋਧੀ ਤੋਂ ਤਲਵੰਡੀ ਵੱਲ ਜਾ ਰਹੀ ਸੀ। ਪਿੰਡ ਸਵਾਲ ਨੇੜੇ ਗੱਡੀ ਦਾ ਸੰਤੁਲਨ ਵਿਗੜ ਗਿਆ। ਕਾਰ ਪਹਿਲਾਂ ਸੜਕ ਕਿਨਾਰੇ ਰੁੱਖ ਨਾਲ ਟਕਰਾਈ ਅਤੇ ਫਿਰ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗਿੱ੍ਰਲ ਤੋੜਦੀ ਹੋਈ ਦੂਜੇ ਰੁੱਖ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਪੁਰਜ਼ੇ ਦੂਰ ਤੱਕ ਖਿੱਲਰ ਗਏ। ਹਾਦਸੇ ਵਿੱਚ ਲੱਭੀ (ਉਮਰ 17 ਸਾਲ) ਪੁੱਤਰ ਸੋਨੂੰ ਰਾਮ, ਵਾਸੀ ਪਿੰਡ ਤਲਵੰਡੀ ਬੂਟਿਆਂ (ਜ਼ਿਲ੍ਹਾ ਜਲੰਧਰ) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਰਾਹੁਲ ਗਿੱਲ (ਉਮਰ 23 ਸਾਲ) ਪੁੱਤਰ ਸਤਪਾਲ, ਵਾਸੀ ਪਿੰਡ ਬਿਧੀਪੁਰ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ।


