1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਗੁਰਬਾਣੀ ਦਾ ਪ੍ਰਸਾਰਨ

0
9

ਚੰਡੀਗੜ੍ਹ : ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ‘ਮੋਨਾਪੋਲੀ’ ਕਾਇਮ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੁਰਾਣੇ ਰੁਖ਼ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ।
ਪਹਿਲਾਂ ਐੱਸ ਜੀ ਪੀ ਸੀ ਨੇ ਬਿਨਾਂ ਮਨਜ਼ੂਰੀ ਗੁਰਬਾਣੀ ਨੂੰ ਰੀਲ੍ਹ ਜਾਂ ਰੀ-ਸਟਰੀਮ ਕਰਨ ‘ਤੇ ਪਾਬੰਦੀ ਲਗਾਈ ਸੀ, ਪਰ ਹੁਣ ਉਨ੍ਹਾਂ ਨੇ ਇੱਕ ਉਦਾਰ ਰੁਖ਼ ਅਪਣਾ ਲਿਆ ਹੈ। ਹੁਣ ਦੁਨੀਆ ਭਰ ਵਿੱਚ ਗੁਰਬਾਣੀ ਦੇ ਪਵਿੱਤਰ ਸ਼ਬਦ ਵੱਖ-ਵੱਖ ਪਲੇਟਫਾਰਮਾਂ ਰਾਹੀਂ ਘਰ-ਘਰ ਪਹੁੰਚ ਰਹੇ ਹਨ।
ਵੀਰਵਾਰ ਸਵੇਰ ਤੋਂ ‘ਜੀ ਟੀ ਸੀ ਪੰਜਾਬੀ’ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਦਿਨ ਵਿੱਚ ਦੋ ਵਾਰ ਸਵੇਰੇ ਤੇ ਸ਼ਾਮ ਨੂੰ ਗੁਰਬਾਣੀ ਦਾ ਲਾਈਵ ਪ੍ਰਸਾਰਨ ਸ਼ੁਰੂ ਕਰ ਦਿੱਤਾ ਹੈ ।
ਜੀ ਟੀ ਸੀ ਨੈੱਟਵਰਕ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਡਾ. ਰਬਿੰਦਰ ਨਾਰਾਇਣ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਗਨਲ ਨੂੰ ਐੱਸ ਜੀ ਪੀ ਸੀ ਦੇ ਯੂਟਿਊਬ ਚੈਨਲ ਤੋਂ ਲਿਆ ਜਾ ਰਿਹਾ ਹੈ ਅਤੇ ਇਸ ਨੂੰ ਸੈਟੇਲਾਈਟ ਤੇ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਕਰੀਬ 1000 ਹੋਰ ਡਿਜੀਟਲ ਪਲੇਟਫਾਰਮ ਵੀ ਸਾਹਮਣੇ ਆਏ ਹਨ, ਜੋ ਆਪਣੇ-ਆਪਣੇ ਪਲੇਟਫਾਰਮਾਂ ‘ਤੇ ਗੁਰਬਾਣੀ ਦਾ ਲਾਈਵ ਪ੍ਰਸਾਰਨ ਰੀਲੇਅ ਕਰ ਰਹੇ ਹਨ।
ਧਾਮੀ ਵੱਲੋਂ ਕਾਰਵਾਈ ਦੀ ਚਿਤਾਵਨੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜਿਹੜਾ ਵੀ ਚੈਨਲ ਜਾਂ ਸੋਸ਼ਲ ਮੀਡੀਆ ਨੈੱਟਵਰਕ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਬਿਨਾਂ ਮਨਜ਼ੂਰੀ ਤੋਂ ਕਰੇਗਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ਐੱਸ ਜੀ ਪੀ ਸੀ ਕੋਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਕਰਨ ਦਾ ਹੱਕ ਹੈ। ਜੀ.ਟੀ.ਸੀ. ਨੈੱਟਵਰਕ ਜਾਂ ਕੋਈ ਹੋਰ ਚੈਨਲ, ਜੇਕਰ ਐੱਸ ਜੀ ਪੀ ਸੀ ਦੇ ਯੂਟਿਊਬ ਚੈਨਲ ਦਾ ਲਿੰਕ ਸ਼ੇਅਰ ਕਰਕੇ ਬਿਨਾਂ ਇਜਾਜ਼ਤ ਤੋਂ ਇਸ ਨੂੰ ਰਿਲੇਅ ਕਰ ਰਿਹਾ ਹੈ, ਤਾਂ ਇਹ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ।
ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੰਦਾ ਹਾਂ। ਇਸ ਸੰਬੰਧੀ ਐੱਸ ਜੀ ਪੀ ਸੀ ਨੇ ਜੀ ਟੀ ਸੀ ਨੂੰ ਨੋਟਿਸ ਵੀ ਭੇਜਿਆ ਹੈ।