ਲੋਕ ਨਵੇਂ ਵਾਹਨ ਖ੍ਰੀਦਣ ਤੋਂ ਬਚਣ : ਕੇਜਰੀਵਾਲ

0
10

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ਏ ਟੀ ਐੱਫ) ਵਿੱਚ ਈਥਾਨੌਲ ਮਿਸ਼ਰਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਲੋਕਾਂ ਨੂੰ ਅਗਲੇ ਕੁਝ ਸਾਲਾਂ ਲਈ ਨਵੇਂ ਵਾਹਨ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ। ਹਿੰਦੀ ਵਿੱਚ ਐਕਸ ‘ਤੇ ਇੱਕ ਪੋਸਟ ਵਿੱਚ, ਕੇਜਰੀਵਾਲ ਨੇ ਕਿਹਾ, ”ਸਰਕਾਰ ਨੇ ਈ 20 ਬਾਲਣ ਪੇਸ਼ ਕਰਨ ਤੋਂ ਬਾਅਦ ਪੈਟਰੋਲ ਵਿੱਚ ਈਥਾਨੌਲ ਮਿਸ਼ਰਣ ਨੂੰ 50 ਪ੍ਰਤੀਸ਼ਤ ਤੋਂ ਵੱਧ ਵਧਾਉਣ ਦੀ ਯੋਜਨਾ ਬਣਾਈ ਹੈ। ਇੰਝ ਲੱਗਦਾ ਹੈ ਕਿ ਉਹ 50 ਪ੍ਰਤੀਸ਼ਤ ਤੋਂ ਵੱਧ ਪੈਟਰੋਲ ਵਿੱਚ ਮਿਲਾਵਟ ਕਰਨ ਜਾ ਰਹੇ ਹਨ। ਉਹ ਸਿਰਫ਼ ਮਾਹੌਲ ਸ਼ਾਂਤ ਹੋਣ ਦੀ ਉਡੀਕ ਕਰ ਰਹੇ ਹਨ। ਪਹਿਲਾਂ, ਉਨ੍ਹਾਂ ਨੇ ਤੁਹਾਡੇ ਈ 0 ਤੇ ਈ 10 ਵਾਹਨਾਂ ਵਿੱਚ ਈ 20 ਪੈਟਰੋਲ ਨੂੰ ਜ਼ਬਰਦਸਤੀ ਮਿਲਾਇਆ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਅੱਜ ਜੇਕਰ ਤੁਸੀਂ ਇੱਕ ਨਵਾਂ ਈ 20 ਵਾਹਨ ਖਰੀਦਦੇ ਹੋ ਤਾਂ ਸਰਕਾਰ ਕੁਝ ਦਿਨਾਂ ਬਾਅਦ ਇਸ ਵਿੱਚ ਈ 50 ਪੈਟਰੋਲ ਨੂੰ ਜ਼ਬਰਦਸਤੀ ਮਿਲਾਏਗੀ ਅਤੇ ਇਸ ਨੂੰ ਨੁਕਸਾਨ ਪਹੁੰਚਾਏਗੀ।” ਕੇਜਰੀਵਾਲ ਨੇ ਇਹ ਦੋਸ਼ ਲਗਾਉਂਦੇ ਹੋਏ ਕਿ ਸਰਕਾਰ ਜਲਦੀ ਹੀ ਡੀਜ਼ਲ ਵਿੱਚ ਵੀ ਈਥਾਨੌਲ ਮਿਲਾਏਗੀ, ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਲਹਾਲ ਨਵੇਂ ਪੈਟਰੋਲ ਅਤੇ ਡੀਜ਼ਲ ਵਾਹਨ ਖਰੀਦਣ ਤੋਂ ਬਚਣ। ਇੱਕ ਹੋਰ ਪੋਸਟ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਏ ਟੀ ਐਫ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਡਾਣਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਈ 20 ਪੈਟਰੋਲ ਦੀ ਸ਼ੁਰੂਆਤ ‘ਤੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਉਨ੍ਹਾਂ ਨੇ ਫਿਲਿੰਗ ਸਟੇਸ਼ਨਾਂ ‘ਤੇ ਸ਼ੁੱਧ ਪੈਟਰੋਲ ਅਤੇ ਈ 20 ਬਾਲਣ ਦੋਵਾਂ ਦੀ ਉਪਲੱਬਧਤਾ ਦੀ ਮੰਗ ਕੀਤੀ ਸੀ ਅਤੇ ਈਥਾਨੌਲ-ਮਿਸ਼ਰਿਤ ਪੈਟਰੋਲ ਲਈ ਘੱਟ ਕੀਮਤਾਂ ਦੀ ਮੰਗ ਕੀਤੀ ਸੀ।