ਟੋਰਾਂਟੋ : ਇੱਥੇ ਭਾਰਤੀ ਮੂਲ ਦੀ 30 ਸਾਲਾ ਹਿਮਾਂਸ਼ੀ ਖੁਰਾਨਾ ਦੇ ਚਰਚਿੱਤ ਕਤਲ ਮਾਮਲੇ ਵਿੱਚ ਪੁਲਸ ਨੇ ਉਸ ਦੇ ਭਾਈਵਾਲ ਅਬਦੁਲ ਗਫ਼ੂਰੀ ਨੂੰ ਕਰੀਬ 7 ਮਹੀਨਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। 32 ਸਾਲਾ ਗਫ਼ੂਰੀ ਨੂੰ ਟੋਰਾਂਟੋ ਦੇ ਇੱਕ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ। ਪੁਲਸ ਨੇ ਉਸ ਦੇ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦਾ ਗੰਭੀਰ ਦੋਸ਼ ਆਇਦ ਕੀਤਾ ਹੈ। ਟੋਰਾਂਟੋ ਪੁਲਸ ਅਨੁਸਾਰ ਭਗੌੜੇ ਦੋਸ਼ੀ ਨੂੰ ਕਾਬੂ ਕਰਨ ਲਈ ਕੌਮਾਂਤਰੀ ਪੁਲਸ ਏਜੰਸੀਆਂ ਨਾਲ ਮਿਲ ਕੇ ਸਾਂਝਾ ਅਪਰੇਸ਼ਨ ਚਲਾਇਆ ਗਿਆ ਸੀ। 19 ਦਸੰਬਰ 2025 ਦੀ ਰਾਤ ਨੂੰ ਟੋਰਾਂਟੋ ਦੇ ਸਟਰਾਚਨ ਐਵੇਨਿਊ ਅਤੇ ਵੈਲਿੰਗਟਨ ਸਟਰੀਟ ਵੈਸਟ ਇਲਾਕੇ ਵਿੱਚੋਂ ਹਿਮਾਂਸ਼ੀ ਖੁਰਾਨਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਨੂੰ ਮਿਲੀ ਸੀ। ਰਾਤ ਕਰੀਬ 10:41 ਵਜੇ ਮਿਲੀ ਇਸ ਇਤਲਾਹ ਤੋਂ ਬਾਅਦ ਪੁਲਸ ਨੇ ਭਾਲ ਸ਼ੁਰੂ ਕੀਤੀ ਅਤੇ ਅਗਲੇ ਦਿਨ ਸਵੇਰੇ ਕਰੀਬ 6:30 ਵਜੇ ਉਸੇ ਇਲਾਕੇ ਦੇ ਇੱਕ ਘਰ ਵਿੱਚੋਂ ਹਿਮਾਂਸ਼ੀ ਦੀ ਲਾਸ਼ ਬਰਾਮਦ ਹੋਈ।




