ਪਾਸ਼-ਹੰਸ ਰਾਜ ਯਾਦਗਾਰ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦਾ ਸੱਦਾ

0
5

ਜਲੰਧਰ (ਗਿਆਨ ਸੈਦਪੁਰੀ, ਕੇਸਰ)
ਪੰਜਾਬ ਦੀਆਂ ਲੋਕ ਜਥੇਬੰਦੀਆਂ, ਲੋਕ ਪੱਖੀ ਸਾਹਿਤਕਾਰਾਂ, ਕਲਾਕਾਰਾਂ ਤੇ ਸਾਹਿਤਕ ਸੰਸਥਾਵਾਂ ਨੇ ਪਾਸ਼ ਯਾਦਗਾਰੀ ਕੰਪਲੈਕਸ ‘ਤੇ ਸਰਕਾਰੀ ਸ਼ਹਿ ਨਾਲ ਨਜਾਇਜ਼ ਕਬਜ਼ੇ ਦੀਆਂ ਕੋਸ਼ਿਸ਼ਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਹਨਾਂ ਹੋਛੇ ਯਤਨਾਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ ਹੈ।
ਪਾਸ਼ ਦਾ ਜਨਮ ਦਿਹਾੜਾ ਉਸ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ ਦਿਨੇ 11 ਵਜੇ ਮਨਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਅਰਸੇ ਦੌਰਾਨ ਚਲਾਈ ਜਾਣ ਵਾਲੀ ਮੁਹਿੰਮ ਰਾਹੀਂ ਪਾਸ਼ ਦੀ ਯਾਦ ਮੇਸਣ ਦੀਆਂ ਕੋਸ਼ਿਸ਼ਾਂ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਦਹਾਕਿਆਂ ਤੋਂ ਬਣੇ ਹੋਏ ਇਸ ਯਾਦਗਾਰੀ ਕੰਪਲੈਕਸ ਨੂੰ ਯਾਦਗਾਰ ਵਜੋਂ ਮਾਨਤਾ ਦੇਣ ਦੀ ਮੰਗ ਲਈ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇਗੀ।
ਅੱਜ ਇੱਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਅਤੇ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਵੱਲੋਂ ਬੁਲਾਈ ਮੀਟਿੰਗ ‘ਚ ਪ੍ਰਗਤੀਸ਼ੀਲ ਲੇਖਕ ਸੰਘ, ਪਲਸ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਅਵਤਾਰ ਸਿੰਘ ਪਾਸ਼ ਮੈਮੋਰੀਅਲ ਟਰੱਸਟ, ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਦੇ ਮੰਨੇ-ਪ੍ਰਮੰਨੇ ਬੁੱਧੀਜੀਵੀਆਂ ਅਤੇ ਜਮਹੂਰੀ ਸ਼ਖ਼ਸੀਅਤਾਂ ਸਮੇਤ ਕਿਰਤੀ ਕਿਸਾਨ ਸਮੂਹ ਮਿਹਨਤਕਸ਼ ਤਬਕਿਆਂ ਦੀਆਂ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਪਿੰਡ ਤਲਵੰਡੀ ਸਲੇਮ ‘ਚੋਂ ਆਏ ਵੱਡੀ ਗਿਣਤੀ ਲੋਕਾਂ ਦੀ ਸਾਂਝੀ ਮੀਟਿੰਗ, ਪ੍ਰਸਿੱਧ ਬੁੱਧੀਜੀਵੀ ਡਾਕਟਰ ਸਵਰਾਜਬੀਰ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾਕਟਰ ਪਰਮਿੰਦਰ ਸਿੰਘ, ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਯਾਦ ਰਹੇ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸ ਦੇ ਦੋਸਤ ਹੰਸਰਾਜ ਦੀ 23 ਮਾਰਚ 1988 ਨੂੰ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਵੇਲੇ ਤੋਂ ਹੀ ਪਿੰਡ ਅੰਦਰ ਇਨਕਲਾਬੀ ਜਥੇਬੰਦੀਆਂ ਵੱਲੋਂ ਹਰ ਸਾਲ ਸ਼ਹੀਦੀ ਕਾਨਫਰੰਸ ਕੀਤੀ ਜਾਂਦੀ ਹੈ ਅਤੇ ਪਿੰਡ ਅੰਦਰ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਯਾਦਗਾਰੀ ਕੰਪਲੈਕਸ ਉਸਾਰਿਆ ਗਿਆ ਹੈ, ਜਿੱਥੇ ਪਿਛਲੇ ਢਾਈ ਦਹਾਕਿਆਂ ਤੋਂ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ।
ਵਿਸ਼ੇਸ਼ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਦੇ ਸਰਪੰਚ ਨੇ ਯਾਦਗਾਰ ਦੇ ਤਾਲੇ ਤੋੜ ਕੇ ਅੰਦਰ ਝੂਲੇ ਅਤੇ ਪੀਂਘਾਂ ਝੂਟਣ ਲਈ ਪਾਈਪਾਂ ਗੱਡ ਕੇ, ਯਾਦਗਾਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਥਾਨਕ ਜਥੇਬੰਦੀਆਂ ਵੱਲੋਂ ਸਰਪੰਚ ਦੇ ਇਸ ਕਦਮ ਦੀ ਲਿਖਤੀ ਸੂਚਨਾ ਐੱਸ ਡੀ ਐੱਮ ਨਕੋਦਰ ਨੂੰ ਵਫ਼ਦ ਨੇ ਮਿਲ ਕੇ ਦਿੱਤੀ, ਪਰ ਪ੍ਰਸ਼ਾਸਨ ਵੱਲੋਂ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਦੀ ਮੀਟਿੰਗ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਸਲ ਵਿਚ ਸਰਪੰਚ ਨੂੰ ਆਮ ਆਦਮੀ ਪਾਰਟੀ ਦਾ ਥਾਪੜਾ ਹੈ।ਨਕੋਦਰ ਇਲਾਕੇ ਅਤੇ ਪੰਜਾਬ ਭਰ ‘ਚ ਲੇਖਕਾਂ, ਬੁੱਧੀਜੀਵੀਆਂ ਵੱਲੋਂ ਆਪਣੇ ਮੰਚਾਂ ਤੋਂ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਅੱਜ ਦੀ ਮੀਟਿੰਗ ਨੇ ਸਰਵਸੰਮਤੀ ਨਾਲ ਜੋ ਫੈਸਲਾ ਕੀਤਾ, ਉਸ ਦਾ ਪ੍ਰਧਾਨਗੀ ਮੰਡਲ ਦੀ ਤਰਫੋਂ ਐਲਾਨ ਕਰਦਿਆਂ ਡਾ. ਸਵਰਾਜਬੀਰ ਨੇ ਕਿਹਾ ਕਿ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ਼ ਦਾ ਜਨਮ ਦਿਨ ਵੱਡਾ ਇਕੱਠ ਕਰਕੇ ਮਨਾਇਆ ਜਾਵੇਗਾ। ਉਨ੍ਹਾ ਕਿਹਾ ਕਿ ਇਸ ਅਰਸੇ ਦੌਰਾਨ ਲੇਖਕਾਂ, ਬੁੱਧੀਜੀਵੀਆਂ, ਸਾਹਿਤਕ ਸੰਸਥਾਵਾਂ ਅਤੇ ਅਵਾਮੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੋਲ਼ੋਂ ਸਮਾਂ ਲੈ ਕੇ ਵਫਦ ਮਿਲਿਆ ਜਾਵੇਗਾ।
ਅੱਜ ਦੀ ਮੀਟਿੰਗ ‘ਚ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸੋਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਰੂਪ ਛੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਧਨੇਰ) ਦੇ ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਰੇਲ ਕੋਚ ਫੈਕਟਰੀ ਕਪੂਰਥਲਾ ‘ਚ ਬਣੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਅਮਰੀਕ ਸਿੰਘ, ਰੰਗਕਰਮੀ ਰਿੰਪਲ ਪ੍ਰੀਤ ਕੌਰ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਜਾਗੀਰ ਜੋਸਨ, ਅਵਤਾਰ ਸਿੰਘ ਪਾਸ਼ ਮੈਮੋਰੀਅਲ ਟਰੱਸਟ ਦੇ ਪਾਵੇਲ ਕੁੱਸਾ, ਜਮਹੂਰੀ ਲਹਿਰ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਜੋਗਿੰਦਰ ਕੁੱਲੇਵਾਲ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਡਾਕਟਰ ਮੰਗਤ ਰਾਏ, ਜਸਵਿੰਦਰ ਭੋਗਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਐਡਵੋਕੇਟ ਸੁਰਿੰਦਰ ਖੀਵਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਗਿਆਨ ਸੈਦਪੁਰੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਸੁਰਜੀਤ ਜੱਜ, ਕਵੀ ਫਤਿਹਜੀਤ ਦੀ ਧੀ ਕਵਿੱਤਰੀ ਬਲਜੀਤ ਕੌਰ ਬੱਲ, ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਪਾਸ਼ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਸੁੱਚਾ, ਪਾਸ਼ ਦੇ ਸਾਥੀ ਰਹੇ ਕਵੀ ਸੰਤ ਸੰਧੂ, ਪ ਸ ਸ ਫ ਦੇ ਸੂਬਾ ਸਕੱਤਰ ਤੀਰਥ ਬਾਸੀ ਆਦਿ ਹਾਜ਼ਰ ਸਨ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਕੈਨੇਡਾ) ਨੇ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਪ੍ਰੋੜ੍ਹਤਾ ਕੀਤੀ।