ਪੀ ਆਰ ਟੀ ਸੀ ਦੇ ਸੇਵਾ-ਮੁਕਤ ਮੁਲਾਜ਼ਮਾਂ ਪ੍ਰਤੀ ਮੈਨੇਜਮੈਂਟ ਦਾ ਅਣਮਨੁੱਖੀ ਰਵੱਈਆ : ਧਾਲੀਵਾਲ

0
4

ਪਟਿਆਲਾ (ਰਜਿੰਦਰ ਸਿੰਘ ਥਿੰਦ)
ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਮਹੀਨਾਵਾਰ ਜਨਰਲ ਮੀਟਿੰਗ ਮੰਗਲਵਾਰ ਬੱਸ ਸਟੈਂਡ ਵਿਖੇ ਹੋਈ, ਜਿਸ ਵਿੱਚ 300 ਤੋਂ ਵੱਧ ਸੇਵਾ-ਮੁਕਤ ਕਰਮਚਾਰੀਆਂ ਨੇ ਭਾਗ ਲਿਆ। ਯੂਨੀਅਨ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ। ਮੀਟਿੰਗ ਦੀ ਪ੍ਰਧਾਨਗੀ ਉੱਤਮ ਸਿੰਘ ਬਾਗੜੀ, ਮੁਹੰਮਦ ਖਲੀਲ, ਰਾਮ ਸਰੂਪ ਅਗਰਵਾਲ ਅਤੇ ਗੁਰਵਿੰਦਰ ਸਿੰਘ ਗੋਲਡੀ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਧਾਲੀਵਾਲ ਨੇ ਕਿਹਾ ਕਿ ਪੀ ਆਰ ਟੀ ਸੀ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਜਿੱਥੇ ਪੀ ਆਰ ਟੀ ਸੀ ਦੇ ਮੌਜੂਦਾ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਵਿੱਤੀ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਸੇਵਾ-ਮੁਕਤ ਕਰਮਚਾਰੀਆਂ ਦੀਆਂ ਅਨੇਕਾਂ ਸਮੱਸਿਆਵਾਂ ਅਤੇ ਮੰਗਾਂ ਨੂੰ ਵੀ ਬੜੀ ਹੀ ਬੇਪਰਵਾਹੀ ਨਾਲ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਫਤ ਸਫਰ ਸਹੂਲਤਾਂ ਬਦਲੇ ਬਣਦੇ 700 ਕਰੋੜ ਰੁਪਏ ਦੇ ਕਰੀਬ ਸਾਲਾਂਬੱਧੀ ਤੋਂ ਪੀ ਆਰ ਟੀ ਸੀ ਨੂੰ ਨਹੀਂ ਦੇ ਰਹੀ, ਜਿਸ ਕਰਕੇ ਪਿਛਲੇ ਡੇਢ ਸਾਲ ਤੋਂ ਰਿਟਾਇਰ ਹੋਏ ਵਰਕਰਾਂ ਦੀਆਂ ਪੇਮੈਂਟ ਨਹੀਂ ਕੀਤੀ ਜਾ ਰਹੀ। ਸਮੁੱਚੇ ਵਰਕਰਾਂ ਦੇ ਕਰੋੜਾਂ ਰੁਪਏ ਦੇ ਵੱਖ-ਵੱਖ ਕਿਸਮ ਦੇ ਬਕਾਏ ਨਹੀਂ ਦਿੱਤੇ ਜਾ ਰਹੇ, ਪੇ ਕਮਿਸ਼ਨ ਦੇ ਬਕਾਏ ਸਰਕਾਰ ਦੁਆਰਾ ਜਾਰੀ ਕੀਤੇ ਸ਼ਡਿਊਲ ਦੇ ਬਾਵਜੂਦ ਇਸ ਅਦਾਰੇ ਵਿੱਚ ਪੇਮੈਂਟ ਸ਼ੁਰੂ ਹੀ ਨਹੀਂ ਕੀਤੀ ਗਈ, ਤਨਖਾਹ ਅਤੇ ਪੈਨਸ਼ਨ ਕਦੇ ਵੀ ਸਮੇਂ ਸਿਰ ਨਹੀਂ ਮਿਲਦੀ, ਸੇਵਾ-ਮੁਕਤ ਕਰਮਚਾਰੀਆਂ ਨੂੰ ਦੋ ਸਾਲ ਬਾਅਦ ਇੱਕ ਬੇਸਿਕ ਪੇ ਦੇ ਬਰਾਬਰ ਮਿਲਣ ਵਾਲਾ ਯਾਤਰੀ ਭੱਤਾ ਨਹੀਂ ਦਿੱਤਾ ਜਾ ਰਿਹਾ, ਕੁਝ ਬਜ਼ੁਰਗ ਸੇਵਾ-ਮੁਕਤ ਕਰਮਚਾਰੀਆਂ ਨੂੰ 1992 ਦੀ ਪੈਨਸ਼ਨ ਦਾ ਲਾਭ ਨਾ ਦੇ ਕੇ ਮੈਨੇਜਮੈਂਟ ਨੇ ਅਣਮਨੁੱਖੀ ਰਵੱਈਆ ਧਾਰਨ ਕੀਤਾ ਹੋਇਆ ਹੈ। ਮਹਿਕਮੇ ਵਿੱਚ ਕੋਈ ਯੋਜਨਾ ਬੰਦੀ ਸਹੀ ਤਰੀਕੇ ਦੀ ਨਾ ਹੋਣ ਕਾਰਨ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ। 250 ਬੱਸਾਂ ਦਾ ਫਲੀਟ ਵਿੱਚ ਵਾਧਾ ਹੋਣ ਦੇ ਬਾਵਜੂਦ ਆਮਦਨ ਵਿੱਚ ਉਕਾ ਹੀ ਕੋਈ ਵਾਧਾ ਨਹੀਂ ਹੋਇਆ, ਜਦ ਕਿ ਇਹਨਾਂ ਬੱਸਾਂ ਦਾ ਰੋਜ਼ਾਨਾ ਦਾ 35 ਲੱਖ ਰੁਪਏ ਦਾ ਬੋਝ ਪ੍ਰਤੀ ਦਿਨ ਪੈ ਰਿਹਾ ਹੈ।
ਪ੍ਰਧਾਨ ਉਤਮ ਸਿੰਘ ਬਾਗੜੀ ਅਤੇ ਜਨਰਲ ਸਕੱਤਰ ਮੁਹੰਮਦ ਖਲੀਲ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਸੇਵਾ-ਮੁਕਤ ਵਰਕਰਾਂ ਦੀਆਂ ਮੰਗਾਂ ਮੰਨਣ ਵਿੱਚ ਕੋਈ ਦੇਰੀ ਕੀਤੀ ਜਾਂ ਅਣਦੇਖੀ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੇਵਾ-ਮੁਕਤ ਕਰਮਚਾਰੀਆਂ ਨੂੰ ਮਜਬੂਰ ਹੋ ਕੇ ਵੱਖ-ਵੱਖ ਤਰੀਕਿਆਂ ਨਾਲ ਸੰਘਰਸ਼ ਕਰਨਾ ਪਏਗਾ। ਇਕੱਠ ਨੂੰ ਗੁਰਵਿੰਦਰ ਸਿੰਘ, ਗੋਲਡੀ, ਰਮੇਸ਼ ਕੁਮਾਰ ਅਤੇ ਰਾਮ ਸਰੂਪ ਅਗਰਵਾਲ ਨੇ ਵੀ ਸੰਬੋਧਨ ਕੀਤਾ।