ਚੰਡੀਗੜ੍ਹ : ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਦੱਸਿਆ ਕਿ ਕੇਂਦਰ ਨੇ ਪੰਜਾਬ ਵਿੱਚ 39.68 ਕਿੱਲੋਮੀਟਰ ਲੰਮੀ ਕਾਦੀਆਂ-ਬਿਆਸ ਨਵੀਂ ‘ਬ੍ਰੌਡਗੇਜ’ ਰੇਲਵੇ ਲਾਈਨ ਲਈ 1,419.05 ਕਰੋੜ ਰੁਪਏ ਦੇ ਵਿਸਤ੍ਰਿਤ ਅਨੁਮਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਟੂ ਨੇ ਕਿਹਾ, ‘ਮੈਂ ਨਿੱਜੀ ਤੌਰ ‘ਤੇ ਇਸ ਪੈਂਡਿੰਗ ਪ੍ਰੋਜੈਕਟ ਨੂੰ ਅੱਗੇ ਵਧਵਾਇਆ ਅਤੇ ਇਹ ਯਕੀਨੀ ਬਣਾਇਆ ਕਿ ਸਾਲਾਂ ਤੋਂ ਅਟਕੀ ਕਾਦੀਆਂ-ਬਿਆਸ ਰੇਲ ਲਾਈਨ ਉੱਤੇ ਲੱਗੀ ਰੋਕ ਹਟੇ।’ ਇਸ ਪ੍ਰੋਜੈਕਟ ਨੂੰ ਅਸਲ ਵਿੱਚ 1928-29 ਵਿੱਚ ਮਨਜ਼ੂਰੀ ਮਿਲੀ ਸੀ। ਉਸ ਸਮੇਂ ਨਿਰਮਾਣ ਕਾਰਜ ਕਾਫੀ ਅੱਗੇ ਵਧ ਚੁੱਕਾ ਸੀ, ਪਰ 1930 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਫੰਡ ਮਨਜ਼ੂਰ ਹੋਣ ਦਾ ਸਵਾਗਤ ਕੀਤਾ ਹੈ। ਇਹ ਲਾਈਨ ਕਾਦੀਆਂ, ਘੁਮਾਣ, ਬਟਾਲਾ, ਸਠਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਲੋੜੀਂਦਾ ਰੇਲ ਸੰਪਰਕ ਪ੍ਰਦਾਨ ਕਰੇਗੀ।
ਖੰਡ 20 ਫੀਸਦੀ ਤੱਕ ਮਹਿੰਗੀ
ਚੰਡੀਗੜ੍ਹ : ਤਿਉਹਾਰਾਂ ਤੋਂ ਪਹਿਲਾਂ ਘਰੇਲੂ ਬਾਜ਼ਾਰ ਵਿੱਚ ਖੰਡ ਦੀਆਂ ਕੀਮਤਾਂ ਲੱਗਭੱਗ 15 ਤੋਂ 20 ਫੀਸਦੀ ਤੱਕ ਵਧ ਗਈਆਂ ਹਨ। ਪਹਿਲਾਂ ਹੋਲਸੇਲ ਰੇਟ 4500 ਤੋਂ 4700 ਰੁਪਏ ਅਤੇ ਰਿਟੇਲ ਰੇਟ 48 ਤੋਂ 50 ਰੁਪਏ ਸੀ। ਹੁਣ ਹੋਲਸੇਲ ਰੇਟ 5800 ਤੋਂ 6000 ਰੁਪਏ ਅਤੇ ਰਿਟੇਲ ਰੇਟ 62 ਤੋਂ 65 ਰੁਪਏ ਹੋ ਚੁੱਕਿਆ ਹੈ। ਸ਼ੱਕਰ ਦਾ ਪਹਿਲਾਂ ਹੋਲਸੇਲ ਰੇਟ 4500 ਤੋਂ 4700 ਰੁਪਏ ਅਤੇ ਰਿਟੇਲ ਰੇਟ 52 ਤੋਂ 55 ਰੁਪਏ ਸੀ। ਹੁਣ ਹੋਲਸੇਲ ਰੇਟ 6400 ਤੋਂ 6500 ਰੁਪਏ ਅਤੇ ਰਿਟੇਲ ਰੇਟ 70 ਤੋਂ 75 ਰੁਪਏ ਹੈ। ਗੁੜ ਦਾ ਪਹਿਲਾਂ ਹੋਲਸੇਲ ਰੇਟ 4200 ਤੋਂ 4500 ਰੁਪਏ ਅਤੇ ਰਿਟੇਲ ਰੇਟ 45 ਤੋਂ 50 ਰੁਪਏ ਸੀ। ਹੁਣ ਹੋਲਸੇਲ ਰੇਟ 5800 ਤੋਂ 6000 ਰੁਪਏ ਅਤੇ ਰਿਟੇਲ ਰੇਟ 62 ਤੋਂ 65 ਰੁਪਏ ਹੈ।
ਹਵਾਈ ਅੱਡੇ ‘ਤੇ ਗੋਲੀ ਚੱਲ ਗਈ
ਵਾਰਾਣਸੀ : ਇੱਥੇ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦਾ ਲਾਇਸੈਂਸੀ ਪਿਸਤੌਲ ਅਚਾਨਕ ਚੱਲ ਗਿਆ, ਜਿਸ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਏਅਰਪੋਰਟ ਡਾਇਰੈਕਟਰ ਪੁਨੀਤ ਗੁਪਤਾ ਨੇ ਦੱਸਿਆ ਕਿ ਸਵੇਰੇ ਲੱਗਭੱਗ 9:30 ਵਜੇ ਮੁੰਬਈ ਜਾਣ ਵਾਲੀ ਫਲਾਈਟ ਵਿੱਚ ਆਪਣੀ ਪਤਨੀ ਨਾਲ ਯਾਤਰਾ ਕਰ ਰਹੇ ਆਜ਼ਮਗੜ੍ਹ ਜ਼ਿਲ੍ਹੇ ਦੇ ਕਮਲੇਸ਼ ਰਾਏ ਨੇ ਹਥਿਆਰ ਬਾਰੇ ਦੱਸਿਆ ਤੇ ਜਾਂਚ ਦੌਰਾਨ ਅਚਾਨਕ ਇੱਕ ਗੋਲੀ ਚੱਲ ਗਈ।




