ਨਾਂਦੇੜ (ਨ ਜ਼ ਸ)
ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਲਈ ਫਿਰਕੂ ਅਤੇ ਧਾਰਮਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਉਨ੍ਹਾ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ। ਉਹ ਹਮੇਸ਼ਾ ਲੋਕਾਂ ਲਈ ਖੜ੍ਹੇ ਰਹੇ।
ਸੁਖਬੀਰ ਨੇ ਕਿਹਾ, ”ਫਿਰਕੂ ਤਾਕਤਾਂ ਨੇ ਇੱਕ ਸਾਲ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੇ ਹੁਣ ਫਿਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮਿਸ਼ਨ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਹੈ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗਾ। ਮੇਰੇ ਪਿਤਾ ਨੇ ਵੀ ਅਜਿਹਾ ਕਦੇ ਨਹੀਂ ਹੋਣ ਦਿੱਤਾ ਸੀ। ਦੋਵੇਂ ਵਾਰ ਉਨ੍ਹਾਂ ਨੇ ਮੇਰੇ ‘ਤੇ ਸਭ ਤੋਂ ਪਵਿੱਤਰ ਸਥਾਨਾਂ ‘ਤੇ ਹਮਲਾ ਕੀਤਾ ਹੈ। ਪਹਿਲੀ ਵਾਰ ਹਰਿਮੰਦਰ ਸਾਹਿਬ ਵਿੱਚ ਅਤੇ ਦੂਜੀ ਵਾਰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ।”
ਉਨ੍ਹਾ ਅੱਗੇ ਕਿਹਾ, “ਮੈਂ ਹਮੇਸ਼ਾ ਆਖਿਆ ਹੈ ਕਿ ਜਿਸ ਵਿਅਕਤੀ ਦੀ ਰੱਖਿਆ ਸਰਬਸ਼ਕਤੀਮਾਨ ਗੁਰੂ ਕਰਦਾ ਹੈ, ਉਸ ਦਾ ਕੁਝ ਨਹੀਂ ਵਿਗੜ ਸਕਦਾ। ਉਹ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ। ਦੇਸ਼ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ।””


