ਪਣਜੀ (ਨ ਜ਼ ਸ)
ਆਰਟੀਫਿਸ਼ੀਅਲ ਇੰਟੈਲੀਜੈਂਸ (ਏ ਆਈ) ਰੋਜ਼ਾਨਾ ਦੇ ਅਜੀਬੋ-ਗਰੀਬ ਮਸਲਿਆਂ ਨੂੰ ਵੀ ਹੱਲ ਕਰ ਸਕਦੀ ਹੈ। ਗੋਆ ਦੇ ਇੱਕ ਨੌਜਵਾਨ ਨੇ ਧਰਮ ਸਥਾਨਾਂ ਦੇ ਬਾਹਰੋਂ ਗੁਆਚੇ ਜੁੱਤੇ-ਚੱਪਲਾਂ ਲੱਭਣ ‘ਚ ਹੁੰਦੀ ਪਰੇਸ਼ਾਨੀ ਨਾਲ ਨਿਪਟਣ ਲਈ ਚੈਟ-ਜੀ ਪੀ ਟੀ ਦਾ ਸਹਾਰਾ ਲਿਆ ਅਤੇ ਸੈਂਕੜੇ ਜੁੱਤੀਆਂ ਦੇ ਢੇਰ ਵਿੱਚੋਂ ਆਪਣੀ ਗੁਆਚੀ ਚੱਪਲ ਲੱਭ ਲਈ।
ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ਦੇ ਬਾਹਰ ਸ਼ੁਭੰਗ ਬੋਰਕਰ ਨਾਂਅ ਦੇ ਨੌਜਵਾਨ ਨੇ ਆਪਣੇ ਮੋਬਾਇਲ ਫੋਨ ਨੂੰ ਸਪੈਸ਼ਲ ਸਕੈਨਿੰਗ ਡਿਵਾਈਸ ‘ਚ ਬਦਲ ਦਿੱਤਾ। ਉਸ ਨੇ ਰੈਕ ‘ਤੇ ਰੱਖੀਆਂ ਜੁੱਤੀਆਂ ਦੀਆਂ ਤਸਵੀਰਾਂ ਲਗਾਤਾਰ ਚੈਟਬੋਟ ਨਾਲ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਏ ਆਈ ਨੇ ਉਸ ਦੀ ਗੁਆਚੀ ਚੱਪਲ ਦੀ ਸਹੀ ਪਛਾਣ ਕਰ ਕੇ ਦੇ ਦਿੱਤੀ।
ਪੇਸ਼ੇ ਤੋਂ ਸਾਈਬਰ ਸੁਰੱਖਿਆ ਮਾਹਰ ਅਤੇ ਵੀਕੈਂਡ ‘ਤੇ ਘੁੰਮਣ-ਫਿਰਨ ਦੇ ਸ਼ੌਕੀਨ ਸ਼ੁਭੰਗ ਨੇ ਚਾਰ ਦਿਨ ਪਹਿਲਾਂ ਇੰਸਟਾਗ੍ਰਾਮ ‘ਤੇ ਇਸ ਪ੍ਰਯੋਗ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਦਿਖਾਇਆ ਕਿ ਮੰਦਰ ਦੇ ਬਾਹਰ ਭੀੜ-ਭੜੱਕੇ ਵਾਲੇ ਰੈਕਾਂ ‘ਚੋਂ ਇੱਕੋ ਜਿਹੀਆਂ ਜੁੱਤੀਆਂ ‘ਚੋਂ ਆਪਣੀ ਜੋੜੀ ਪਛਾਣਨਾ ਕਿੰਨਾ ਔਖਾ ਸੀ।
ਸ਼ੁਭੰਗ ਨੇ ਸਭ ਤੋਂ ਪਹਿਲਾਂ ਚੈਟ-ਜੀ ਪੀ ਟੀ ‘ਤੇ ਆਪਣੀ ਚੱਪਲ ਦੀ ਪੁਰਾਣੀ ਤਸਵੀਰ ਅੱਪਲੋਡ ਕੀਤੀ ਅਤੇ ਦੱਸਿਆ ਕਿ ਉਹ ਉਜੈਨ ਦੇ ਮਹਾਕਾਲ ਮੰਦਰ ਬਾਹਰ ਹੈ ਤੇ ਉਸ ਦੀ ਚੱਪਲ ਗੁਆਚ ਗਈ ਹੈ। ਇਸ ਤੋਂ ਬਾਅਦ ਉਸ ਨੇ ਮੰਦਰ ਦੇ ਬਾਹਰ ਰੈਕਾਂ ‘ਚ ਪਈਆਂ ਜੁੱਤੀਆਂ ਦੇ ਵੱਖ-ਵੱਖ ਹਿੱਸਿਆਂ ਦੀਆਂ ਫੋਟੋਆਂ ਖਿੱਚ ਕੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਚੈਟਬੋਟ ਨੇ ਤਸਵੀਰਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਅਤੇ ਆਖਰਕਾਰ ਉਸ ਨੂੰ ਇੱਕ ਖਾਸ ਹਿੱਸੇ ਵੱਲ ਇਸ਼ਾਰਾ ਕਰਦਿਆਂ ਉਸ ਦੀ ਚੱਪਲ ਦੀ ਲੋਕੇਸ਼ਨ ਦੱਸ ਦਿੱਤੀ। ਇਸ ਅਨੋਖੇ ਤਜਰਬੇ ਨੇ ਮੰਦਰ ਦੇ ਬਾਹਰ ਜੁੱਤੇ ਲੱਭਣ ਦੀ ਪਰੇਸ਼ਾਨੀ ਨੂੰ ਏ ਆਈ ਦੀ ਮਦਦ ਨਾਲ ਇੱਕ ਮਜ਼ੇਦਾਰ ਖੋਜ ‘ਚ ਬਦਲ ਦਿੱਤਾ, ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।


