‘ਦਿਮਾਗੀ ਨਕਸਲੀ’ ਨੂੰ ਲੈ ਕੇ ਸਰਕਾਰ ਬੈਕਫੁੱਟ ‘ਤੇ

0
11

ਨਵੀਂ ਦਿੱਲੀ (ਨ ਜ਼ ਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ 80ਵੇਂ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ‘ਦਿਮਾਗੀ ਨਕਸਲੀ’ ਸ਼ਬਦ ਦੀ ਵਰਤੋਂ ਦਾ ਤਿੱਖਾ ਵਿਰੋਧ ਹੋਣ ਤੋਂ ਬਾਅਦ ਸਰਕਾਰ ਨੇ ਐਤਵਾਰ ਸਵੇਰੇ ਸਪੱਸ਼ਟੀਕਰਨ ਦਿੱਤਾ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਇਹ ਇਸ਼ਾਰਾ ਉਨ੍ਹਾਂ ਲੋਕਾਂ ਲਈ ਨਹੀਂ ਸੀ, ਜੋ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ, ਸਿਰਫ ਉਨ੍ਹਾਂ ਲਈ ਸੀ, ਜੋ ਵੱਖਵਾਦੀ ਭਾਵਨਾਵਾਂ ਰੱਖਦੇ ਹਨ। ਰਿਜਿਜੂ ਨੇ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਆਗੂਆਂ ਨੂੰ ਦਿਮਾਗੀ ਨਕਸਲੀ ਨਹੀਂ ਕਿਹਾ।”
ਸਪੱਸ਼ਟੀਕਰਨ ਦਿੰਦਿਆਂ ਕਿਰਨ ਰਿਜਿਜੂ ਨੇ ਤਿੰਨ ਸ਼੍ਰੇਣੀਆਂ ਦਾ ਜ਼ਿਕਰ ਕੀਤਾ : ਜਿਹੜੇ ਮਾਓਵਾਦੀਆਂ ਦਾ ਸਮਰਥਨ ਕਰਦੇ ਹਨ ਅਤੇ ਭਾਰਤੀ ਸੰਵਿਧਾਨ ਨੂੰ ਰੱਦ ਕਰਦੇ ਹਨ, ਜਿਹੜੇ ਵੱਖਵਾਦੀਆਂ ਦੇ ਨਾਲ ਖੜ੍ਹੇ ਹਨ ਅਤੇ ਧਾਰਾ 370 ਦਾ ਸਮਰਥਨ ਕਰਦੇ ਹਨ ਅਤੇ ਜਿਹੜੇ ਉੱਤਰ-ਪੂਰਬ ਨੂੰ ਭਾਰਤ ਤੋਂ ਅਲੱਗ ਕਰਨ ਲਈ ਚਿਕਨ ਨੈੱਕ ਨੂੰ ਕੱਟਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਸ਼ਨਿੱਚਰਵਾਰ ਕਿਹਾ ਸੀ ਕਿ ਜਦੋਂ ਕਿ ਭਾਰਤ ਨੇ ਹਥਿਆਰਬੰਦ ਨਕਸਲੀਆਂ ਨੂੰ ਸਫਲਤਾਪੂਰਵਕ ਖਤਮ ਕਰ ਦਿੱਤਾ ਹੈ, ਸਾਨੂੰ ‘ਦਿਮਾਗੀ ਨਕਸਲੀਆਂ’ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਖੱਬੇ-ਪੱਖੀ ਅੱਤਵਾਦ ਨੂੰ ਬੌਧਿਕ ਖੁਰਾਕ ਪ੍ਰਦਾਨ ਕਰਦੇ ਹਨ। ਉਨ੍ਹਾ ਨਾਗਰਿਕਾਂ ਨੂੰ ‘ਦਿਮਾਗੀ ਨਕਸਲੀਆਂ’ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵੱਖ ਕਰਨ ਦਾ ਸੱਦਾ ਵੀ ਦਿੱਤਾ। ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਉਨ੍ਹਾ ਨੂੰ ‘ਦਿਮਾਗੀ ਨਕਸਲੀ’ ਹੋਣ ‘ਤੇ ਮਾਣ ਹੈ। ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਕਿਹਾ, ”ਦਿਮਾਗੀ ਨਕਸਲੀ ਜਾਂ ਹੋਰ ਕੁਝ ਵੀ ਹੁਣ ਕੰਮ ਨਹੀਂ ਕਰਨ ਵਾਲਾ, ਪ੍ਰਧਾਨ ਮੰਤਰੀ ਜੀ। ਤੁਸੀਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਕਸਲੀ ਆਦਿ ਕਿਵੇਂ ਕਹਿ ਸਕਦੇ ਹੋ?”