ਕੇਂਦਰੀ ਸੂਚਨਾ ਕਮਿਸ਼ਨ (ਸੀ ਆਈ ਸੀ) ਕੋਲ 40,000 ਤੋਂ ਵੱਧ ਸੂਚਨਾ ਅਧਿਕਾਰ (ਆਰ ਟੀ ਆਈ) ਮਾਮਲੇ ਪੈਂਡਿੰਗ ਹਨ, ਭਾਵੇਂ ਕਿ ਕਮਿਸ਼ਨ ਆਪਣੇ ਪੂਰੇ ਮਨਜ਼ੂਰਸ਼ੁਦਾ ਸਟਾਫ ਨਾਲ ਕੰਮ ਕਰ ਰਿਹਾ ਹੈ। ਸੀ ਆਈ ਸੀ ਦੀ ਅਗਵਾਈ ਮੁੱਖ ਸੂਚਨਾ ਕਮਿਸ਼ਨਰ ਰਾਜ ਕੁਮਾਰ ਗੋਇਲ ਕਰਦੇ ਹਨ, ਜਿਨ੍ਹਾ ਨੇ ਦਸੰਬਰ 2025 ਵਿੱਚ ਅਹੁਦਾ ਸੰਭਾਲਿਆ ਸੀ। ਕਮਿਸ਼ਨ ਕੋਲ 10 ਸੂਚਨਾ ਕਮਿਸ਼ਨਰ ਹਨ।
ਸੀ ਆਈ ਸੀ ਪੋਰਟਲ ਮੁਤਾਬਕ 12 ਅਗਸਤ ਤੱਕ ਕਮਿਸ਼ਨ ਕੋਲ 3,733 ਸ਼ਿਕਾਇਤਾਂ ਅਤੇ 36,350 ਅਪੀਲਾਂ ਪੈਂਡਿੰਗ ਸਨ, ਜਿਸ ਨਾਲ ਬਕਾਇਆ ਮਾਮਲਿਆਂ ਦੀ ਕੁੱਲ ਗਿਣਤੀ 40,083 ਹੋ ਗਈ ਹੈ। ਇਨ੍ਹਾਂ ਪੈਂਡਿੰਗ ਮਾਮਲਿਆਂ ਵਿੱਚੋਂ ਇਕੱਲੇ ਗੋਇਲ ਕੋਲ 5,317 ਮਾਮਲੇ ਹਨ, ਜਿਨ੍ਹਾਂ ਵਿੱਚ 522 ਸ਼ਿਕਾਇਤਾਂ ਅਤੇ 4,795 ਅਪੀਲਾਂ ਹਨ।
ਸੀ ਆਈ ਸੀ ਦੀ ਮਾਸਿਕ ਪ੍ਰਗਤੀ ਰਿਪੋਰਟ ਮੁਤਾਬਕ ਅਗਸਤ ਵਿੱਚ ਹੁਣ ਤੱਕ ਸਿਰਫ ਦੋ ਸੂਚਨਾ ਕਮਿਸ਼ਨਰਾਂ ਨੇ ਤਿੰਨ ਅਪੀਲਾਂ ਦਾ ਨਿਪਟਾਰਾ ਕੀਤਾ ਹੈ, ਜਦੋਂ ਕਿ ਬਾਕੀ ਕਮਿਸ਼ਨਰਾਂ ਨੇ ਆਰ ਟੀ ਆਈ ਅਪੀਲਾਂ ਦੇ ਨਿਪਟਾਰੇ ਵਿੱਚ ਕੋਈ ਪ੍ਰਗਤੀ ਦਰਜ ਨਹੀਂ ਕੀਤੀ।
ਇਨ੍ਹਾਂ ਅਪੀਲਾਂ ਦਾ ਨਿਪਟਾਰਾ ਸੂਚਨਾ ਕਮਿਸ਼ਨਰ ਵਿਨੋਦ ਕੁਮਾਰ ਤਿਵਾੜੀ ਅਤੇ ਸਵਾਗਤ ਦਾਸ ਨੇ ਕੀਤਾ, ਜਿਸ ਵਿੱਚ ਤਿਵਾੜੀ ਨੇ ਇੱਕ ਅਤੇ ਦਾਸ ਨੇ ਦੋ ਕੇਸ ਸੰਭਾਲੇ। ਇਸ ਸਾਲ ਜਨਵਰੀ ਤੋਂ ਜੁਲਾਈ ਦੇ ਵਿਚਕਾਰ ਗੋਇਲ ਨੇ ਉਨ੍ਹਾਂ ਨੂੰ ਸੌਂਪੀਆਂ ਗਈਆਂ 2,541 ਅਪੀਲਾਂ ਵਿੱਚੋਂ 1,180 ਦਾ ਨਿਪਟਾਰਾ ਕੀਤਾ। ਉਨ੍ਹਾ ਦੀ ਔਸਤ ਨਿਪਟਾਰੇ ਦੀ ਦਰ 46 ਫੀਸਦੀ ਸੀ। ਅਗਸਤ ਵਿੱਚ ਹੁਣ ਤੱਕ ਗੋਇਲ ਕੋਲ ਨਾ ਤਾਂ ਕੋਈ ਅਪੀਲ ਦਾਇਰ ਕੀਤੀ ਗਈ ਹੈ ਅਤੇ ਨਾ ਹੀ ਉਨ੍ਹਾ ਨੇ ਕਿਸੇ ਅਪੀਲ ਦਾ ਨਿਪਟਾਰਾ ਕੀਤਾ ਹੈ।
ਇਸ ਦੌਰਾਨ ਅੱਠ ਹੋਰ ਸੂਚਨਾ ਕਮਿਸ਼ਨਰਾਂ-ਆਨੰਦੀ ਰਾਮਲਿੰਗਮ, ਸੁਰਿੰਦਰ ਸਿੰਘ ਮੀਣਾ, ਆਸ਼ੂਤੋਸ਼ ਚਤੁਰਵੇਦੀ, ਸੁਧਾ ਰਾਣੀ ਰੇਲਾਂਗੀ, ਪੀ ਆਰ ਰਮੇਸ਼, ਖੁਸ਼ਵੰਤ ਸਿੰਘ ਸੇਠੀ, ਜਯਾ ਵਰਮਾ ਸਿਨਹਾ ਅਤੇ ਸੰਜੀਵ ਕੁਮਾਰ ਜਿੰਦਲ ਨੇ ਵੀ ਅਗਸਤ ਦੇ 12 ਦਿਨਾਂ ਬਾਅਦ ਵੀ ਕੋਈ ਕੇਸ ਦਰਜ ਜਾਂ ਨਿਪਟਾਰਾ ਕੀਤੇ ਜਾਣ ਦੀ ਰਿਪੋਰਟ ਨਹੀਂ ਕੀਤੀ । ਪੋਰਟਲ ਮੁਤਾਬਕ ਇਸ ਸਾਲ ਅਗਸਤ ਤੱਕ ਸੀ ਆਈ ਸੀ ਨੂੰ 20,163 ਅਪੀਲਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸਿਰਫ 11,903 ਦਾ ਨਿਪਟਾਰਾ ਕੀਤਾ ਗਿਆ ਹੈ।
ਸੂਚਨਾ ਕਮਿਸ਼ਨ ਦੀ ਕਾਰਕਰਦਗੀ ਤੋਂ ਤਾਂ ਇਹੀ ਜਾਪਦਾ ਹੈ ਕਿ ਮੌਜੂਦਾ ਸੂਚਨਾ ਕਮਿਸ਼ਨਰ ਜਾਣਬੁੱਝ ਕੇ ਆਰ ਟੀ ਆਈ ਉਪਭੋਗਤਾਵਾਂ ਨੂੰ ਨਿਰਾਸ਼ ਕਰਨ ਅਤੇ ਉਨ੍ਹਾਂ ਦੇ ਜਾਣਨ ਦੇ ਅਧਿਕਾਰ ਨੂੰ ਖਤਮ ਕਰਨ ਲਈ ਹੌਲੀ ਰਫਤਾਰ ਨਾਲ ਕੰਮ ਕਰ ਰਹੇ ਹਨ? ਸੀ ਆਈ ਸੀ ਵਿੱਚ ਕੇਸਾਂ ਦਾ ਇੱਕ ਵੱਡਾ ਬੈਕਲਾਗ ਹੈ। ਕਮਿਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ, ਜਿਸ ਵਿੱਚ ਮੁੱਖ ਸੂਚਨਾ ਕਮਿਸ਼ਨਰ ਵੱਲੋਂ ਸ਼ਨੀਵਾਰ ਨੂੰ ਕੰਮ ਕਰਵਾਉਣਾ ਸ਼ਾਮਲ ਹੈ।



