ਆਪਣਾ ਬਿੱਲ ਪਾਸ ਕਰਾਉਣ ਲਈ ਟਰੰਪ ਵੱਲੋਂ ਭਾਰਤੀ ਚੋਣ ਪ੍ਰਣਾਲੀ ਦਾ ਹਵਾਲਾ

0
15

ਵਾਸ਼ਿੰਗਟਨ (ਨ ਜ਼ ਸ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਭਾਰਤ ਦੀ ਚੋਣ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ‘ਸੇਵ ਅਮਰੀਕਾ ਐਕਟ’ ਨੂੰ ਪਾਸ ਕਰਨ ਦੀ ਅਪੀਲ ਕੀਤੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਲਿਖਿਆ, ‘ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀ ਕਿ ਅਮਰੀਕਾ ਵਿੱਚ ਵੈਧ ਫੋਟੋ ਆਈ ਡੀ ਤੋਂ ਬਿਨਾਂ ਚੋਣਾਂ ਕਿਵੇਂ ਹੋ ਸਕਦੀਆਂ ਹਨ।’ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਿਹਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ, ਜਿਨ੍ਹਾਂ ਵਿੱਚੋਂ 1 ਫੀਸਦੀ ਤੋਂ ਵੀ ਘੱਟ ਲੋਕਾਂ ਨੇ ਡਾਕ (ਮੇਲ-ਇਨ) ਰਾਹੀਂ ਵੋਟਿੰਗ ਕੀਤੀ ਅਤੇ ਹਰ ਇੱਕ ਵੋਟਰ ਕੋਲ ਵੈਧ ਫੋਟੋ ਆਈ ਡੀ ਕਾਰਡ ਸੀ। ਉਨ੍ਹਾ ਅਮਰੀਕੀ ਸੰਸਦ (ਕਾਂਗਰਸ) ਨੂੰ ਅਪੀਲ ਕੀਤੀ ਕਿ ‘ਸੇਵ ਅਮਰੀਕਾ ਐਕਟ’ ਨੂੰ ਤੁਰੰਤ ਪਾਸ ਕੀਤਾ ਜਾਵੇ। ਉਨ੍ਹਾ ਅਮਰੀਕੀ ਚੋਣ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਅਮਰੀਕੀ ਚੋਣਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਵਧੇਗੀ।
ਸੇਵ ਅਮਰੀਕਾ ਐਕਟ ਅਮਰੀਕਾ ਵਿੱਚ ਵੋਟਰ ਰਜਿਸਟ੍ਰੇਸ਼ਨ ਅਤੇ ਵੋਟਿੰਗ ਨਿਯਮਾਂ ਨੂੰ ਸਖਤ ਕਰਨ ਲਈ ਪ੍ਰਸਤਾਵਤ ਹੈ। ਇਸ ਵਿੱਚ ਵੋਟਰ ਰਜਿਸਟ੍ਰੇਸ਼ਨ ਸਮੇਂ ਨਾਗਰਿਕਤਾ ਦਾ ਦਸਤਾਵੇਜ਼ੀ ਸਬੂਤ ਅਤੇ ਵੋਟਿੰਗ ਸਮੇਂ ਫੋਟੋ ਆਈ ਡੀ ਦੀ ਲੋੜ ਹੋਵੇਗੀ।
ਇਸ ਬਿੱਲ ਵਿੱਚ ਡਾਕ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਕਾਫੀ ਹੱਦ ਤੱਕ ਸੀਮਤ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਹ ਬਿੱਲ ਅਮਰੀਕੀ ਪ੍ਰਤੀਨਿਧੀ ਸਭਾ ਤੋਂ ਪਾਸ ਹੋ ਗਿਆ ਹੈ, ਪਰ ਅਜੇ ਤੱਕ ਸੈਨੇਟ ਵੱਲੋਂ ਮਨਜ਼ੂਰੀ ਨਹੀਂ ਮਿਲੀ। ਇਸ ਮੁੱਦੇ ‘ਤੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਅੰਦਰ ਮਤਭੇਦ ਹਨ। ਟਰੰਪ ਨੇ ਲਗਾਤਾਰ ਸੇਵ ਅਮਰੀਕਾ ਐਕਟ ਨੂੰ ਪਾਸ ਕਰਨ ਲਈ ਜ਼ੋਰ ਦਿੱਤਾ ਹੈ। ਉਨ੍ਹਾ ਦਾ ਦਾਅਵਾ ਹੈ ਕਿ ਇਹ ਚੋਣ ਧੋਖਾਧੜੀ ਨੂੰ ਰੋਕੇਗਾ। ਵੋਟਰ ਆਈ ਡੀ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਇੱਕ ਸਿਆਸੀ ਬਹਿਸ ਰਹੀ ਹੈ। ਸਮਰਥਕਾਂ ਦਾ ਤਰਕ ਹੈ ਕਿ ਫੋਟੋ ਆਈ ਡੀ ਅਤੇ ਨਾਗਰਿਕਤਾ ਦਸਤਾਵੇਜ਼ ਚੋਣ ਭਰੋਸੇਯੋਗਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ। ਵਿਰੋਧੀਆਂ ਦਾ ਤਰਕ ਹੈ ਕਿ ਅਮਰੀਕਾ ਵਿੱਚ ਗੈਰ-ਨਾਗਰਿਕਾਂ ਵੱਲੋਂ ਵੋਟ ਪਾਉਣ ‘ਤੇ ਪਹਿਲਾਂ ਹੀ ਪਾਬੰਦੀ ਹੈ ਅਤੇ ਸਖਤ ਦਸਤਾਵੇਜ਼ੀ ਨਿਯਮ ਉਨ੍ਹਾਂ ਵੋਟਰਾਂ ਨੂੰ ਵੀ ਪ੍ਰਭਾਵਤ ਕਰ ਸਕਦੇ ਹਨ, ਜਿਨ੍ਹਾਂ ਕੋਲ ਜਨਮ ਸਰਟੀਫਿਕੇਟ ਜਾਂ ਵੈਧ ਪਾਸਪੋਰਟ ਵਰਗੇ ਦਸਤਾਵੇਜ਼ ਨਹੀਂ ਹਨ। ਅਮਰੀਕਾ ਵਿੱਚ ਲਗਭਗ 12 ਫੀਸਦੀ ਰਜਿਸਟਰਡ ਵੋਟਰਾਂ ਕੋਲ ਆਮ ਤੌਰ ‘ਤੇ ਸਵੀਕਾਰ ਕੀਤੇ ਗਏ ਦਸਤਾਵੇਜ਼ੀ ਸਬੂਤ ਦੀ ਘਾਟ ਹੈ।