ਖੇਲ ਰਤਨ ਕਿਸੇ ਨੂੰ ਨਹੀਂ, ਹਾਰਦਿਕ ਨੂੰ ਮਿਲਣ ਦੀ ਆਸ ਸੀ

0
8

ਨਵੀਂ ਦਿੱਲੀ (ਨ ਜ਼ ਸ)
ਖੇਡ ਮੰਤਰਾਲੇ ਨੇ ਮੰਗਲਵਾਰ 2025 ਲਈ ਕਿਸੇ ਵੀ ਐਥਲੀਟ ਨੂੰ ਧਿਆਨ ਚੰਦ ਖੇਲ ਰਤਨ ਦੇਣ ਦਾ ਫੈਸਲਾ ਨਹੀਂਂ ਕੀਤਾ ਅਤੇ ਚੋਣ ਪੈਨਲ ਦੀਆਂ ਸਿਫਾਰਸ਼ਾਂ ਦਾ ਮੁੜ ਮੁਲੰਕਣ ਕਰਨ ਤੋਂ ਬਾਅਦ ਵਿਸ਼ਵ ਕੱਪ ਜੇਤੂ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਡਿਕੈਥਲੀਟ ਤੇਜਸਵਿਨ ਸ਼ੰਕਰ ਅਤੇ ਬੈਡਮਿੰਟਨ ਖਿਡਾਰਨ ਗਾਇਤਰੀ ਗੋਪੀਚੰਦ ਸਮੇਤ 17 ਨੂੰ ਅਰਜੁਨ ਪੁਰਸਕਾਰ ਦੇਣ ਦੀ ਮਨਜ਼ੂਰੀ ਦੇ ਦਿੱਤੀ। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਰੁਣ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੇ ਚੋਣ ਪੈਨਲ ਨੇ ਹਾਕੀ ਸਟਾਰ ਹਾਰਦਿਕ ਸਿੰਘ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਲਈ ਵਿਚਾਰਿਆ ਸੀ, ਪਰ ਅੰਤ ਵਿੱਚ ਉਹ ਬਾਹਰ ਹੋ ਗਿਆ। ਆਖਰੀ ਵਾਰ 2014 ਵਿੱਚ ਖੇਲ ਰਤਨ ਨਹੀਂ ਦਿੱਤਾ ਗਿਆ ਸੀ। ਅਰਜੁਨ ਪੁਰਸਕਾਰ ਵਾਲਿਆਂ ਦੀ ਸੂਚੀ ਵਿੱਚ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ, ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਸਾਥੀ ਟਰੀਸਾ ਜੌਲੀ, ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਮੁੱਕੇਬਾਜ਼ ਨਰਿੰਦਰ ਬੇਰਵਾਲ (+92 ਕਿਲੋਗ੍ਰਾਮ) ਅਤੇ ਨੌਜਵਾਨ ਡੈਫ ਰਾਈਫਲ ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਵੀ ਸ਼ਾਮਲ ਸਨ। ਚੋਣ ਕਮੇਟੀ ਨੇ ਇਸ ਸਾਲ ਅਰਜੁਨ ਪੁਰਸਕਾਰ ਲਈ 24 ਨਾਵਾਂ ਦੀ ਸਿਫਾਰਸ਼ ਕੀਤੀ ਸੀ, ਪਰ ਮੰਤਰਾਲੇ ਨੇ ਸਿਰਫ 17 ਨੂੰ ਹੀ ਮਨਜ਼ੂਰੀ ਦਿੱਤੀ।
19 ਸਾਲਾ ਦੇਸ਼ਮੁਖ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਵਿਦਿਤ ਗੁਜਰਾਤੀ 2024 ਸ਼ਤਰੰਜ ਓਲੰਪੀਆਡ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਤੇਜਸਵਿਨ ਸ਼ੰਕਰ, ਜਿਸ ਨੇ 2023 ਵਿੱਚ ਏਸ਼ੀਅਨ ਖੇਡਾਂ ਵਿੱਚ ਇਤਿਹਾਸਕ ਡਿਕੈਥਲੋਨ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ‘ਤੇ ਰਿਹਾ ਸੀ, ਨੇ ਹਾਲ ਹੀ ਵਿੱਚ ਗੋਡੇ ਦੀ ਸਮੱਸਿਆ ਨਾਲ ਜੂਝਣ ਦੇ ਬਾਵਜੂਦ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਹ ਉਨ੍ਹਾਂ ਐਥਲੀਟਾਂ ਵਿੱਚੋਂ ਇੱਕ ਸੀ, ਜਿਨ੍ਹਾਂ ਪੁਰਸਕਾਰਾਂ ਦੇ ਐਲਾਨ ਵਿੱਚ ਦੇਰੀ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਐਥਲੀਟਾਂ ਪ੍ਰਤੀ ਅਪਮਾਨਜਨਕ ਦੱਸਿਆ। 2024 ਵਿੱਚ ਰਿਕਾਰਡ 32 ਐਥਲੀਟਾਂ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ, ਜਿਸ ਵਿੱਚ 17 ਪੈਰਾ-ਸਪੋਰਟਸ ਦੇ ਸ਼ਾਮਲ ਸਨ। ਇਸ ਵਾਰ ਪੈਰਾ-ਸਪੋਰਟਸ ਵਿੱਚੋਂ ਸਿਰਫ ਦੋ ਹੀ ਚੁਣੇ ਗਏ—ਪੈਰਾ ਕਲੱਬ ਥਰੋਅਰ ਏਕਤਾ ਭਯਾਨ, ਜਿਸ ਨੇ 2024 ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ ਨਿਸ਼ਾਨੇਬਾਜ਼ ਰੁਦਰਾਂਸ਼ ਖੰਡੇਲਵਾਲ, ਜੋ 2024 ਪੈਰਾ ਵਿਸ਼ਵ ਕੱਪ ਦਾ ਸੋਨ ਤਮਗਾ ਜੇਤੂ ਹੈ। ਏਕਤਾ ਨੇ ਪਿਛਲੇ ਸਾਲ ਦਿੱਲੀ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸ ਵਾਰ ਸੂਚੀ ਵਿੱਚ ਕੋਈ ਵੀ ਕ੍ਰਿਕਟਰ ਸ਼ਾਮਲ ਨਹੀਂ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ 2023 ਵਿੱਚ ਇਹ ਸਨਮਾਨ ਮਿਲਿਆ ਸੀ। ਆਈ ਅਰੂਮਨਯਗਮ, ਜੋ 1962 ਦੀਆਂ ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਫੁੱਟਬਾਲ ਟੀਮ ਦਾ ਮੈਂਬਰ ਸੀ, ‘ਲਾਈਫ ਟਾਈਮ ਅਚੀਵਮੈਂਟ’ ਲਈ ਅਰਜੁਨ ਪੁਰਸਕਾਰ ਦਾ ਇਕਲੌਤਾ ਜੇਤੂ ਬਣਿਆ।ਮੰਤਰਾਲੇ ਨੇ ਤਿੰਨ ਦਰੋਣਾਚਾਰੀਆ ਪੁਰਸਕਾਰ ਜੇਤੂਆਂ ਦੇ ਨਾਂਅ ਵੀ ਐਲਾਨੇ ਹਨ। ਮੁੱਕੇਬਾਜ਼ੀ ਕੋਚ ਛੋਟੇ ਲਾਲ ਯਾਦਵ, ਜੋ ਕਿ ਮਹਿਲਾ ਰਾਸ਼ਟਰੀ ਕੈਂਪ ਦਾ ਹਿੱਸਾ ਸੀ ਅਤੇ ਨਾਲ ਹੀ ਮਹਾਨ ਐੱਮ ਸੀ ਮੈਰੀਕਾਮ ਦੇ ਸਹਾਇਕ ਸਟਾਫ ਦਾ ਵੀ ਹਿੱਸਾ ਸੀ, ਸਭ ਤੋਂ ਪ੍ਰਮੁੱਖ ਨਾਂਅ ਹੈ। ਉਸ ਤੋਂ ਇਲਾਵਾ ਪਰਵੀਰ ਸਿੰਘ ਤੇ ਨੇਹਾ ਚਵਾਨ ਨੂੰ ਮਿਲੇਗਾ। ਖੇਲ ਰਤਨ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਹੈ, ਵਿੱਚ ਇੱਕ ਤਮਗਾ, ਇੱਕ ਪ੍ਰਸੰਸਾ ਪੱਤਰ ਅਤੇ 25 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ, ਜਦੋਂ ਕਿ ਅਰਜੁਨ ਪੁਰਸਕਾਰ ਜੇਤੂ ਨੂੰ 15 ਲੱਖ ਰੁਪਏ ਦਿੱਤੇ ਜਾਂਦੇ ਹਨ। ਪਿਛਲੇ ਸਾਲ ਖੇਲ ਰਤਨ ਚਾਰ ਐਥਲੀਟਾਂ ਨੂੰ ਦਿੱਤਾ ਗਿਆ ਸੀ—ਵਿਸ਼ਵ ਚੈਂਪੀਅਨ ਸ਼ਤਰੰਜ ਖਿਡਾਰੀ ਡੀ ਗੁਕੇਸ਼, ਪੁਰਸ਼ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ, ਪੈਰਾ-ਐਥਲੀਟ ਪ੍ਰਵੀਨ ਕੁਮਾਰ ਅਤੇ ਨਿਸ਼ਾਨੇਬਾਜ਼ ਮਨੂ ਭਾਕਰ। ਇਹ ਪੁਰਸਕਾਰ ਰਵਾਇਤੀ ਤੌਰ ‘ਤੇ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੀ ਯਾਦ ਵਿੱਚ ਪੇਸ਼ ਕੀਤੇ ਜਾਂਦੇ ਸਨ, ਜੋ ਕਿ ਭਾਰਤ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਵੀ ਹੈ, ਪਰ 2026 ਦੇ ਅੱਧੇ ਤੋਂ ਵੱਧ ਸਮੇਂ ਬਾਅਦ 2025 ਦੇ ਪੁਰਸਕਾਰ ਜੇਤੂਆਂ ਦਾ ਐਲਾਨ 1991 ਵਿੱਚ ਪੁਰਸਕਾਰਾਂ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਡੀ ਦੇਰੀ ਹੈ। ਇਸ ਸਾਲ ਪੁਰਸਕਾਰ ਚੋਣ ਵਿੱਚ ਹੋਰਨਾਂ ਦੇ ਨਾਲ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਉਪ ਪ੍ਰਧਾਨ ਗਗਨ ਨਾਰੰਗ, ਸਾਬਕਾ ਬੈਡਮਿੰਟਨ ਖਿਡਾਰੀ ਅਪਰਨਾ ਪੋਪਟ ਅਤੇ ਸਾਬਕਾ ਹਾਕੀ ਖਿਡਾਰੀ ਐੱਮ ਐੱਮ ਸੋਮਾਇਆ ਸ਼ਾਮਲ ਸਨ।
ਅਰਜੁਨ ਪੁਰਸਕਾਰ : ਤੇਜਸਵਿਨ ਸ਼ੰਕਰ (ਐਥਲੈਟਿਕਸ), ਪ੍ਰਿਯੰਕਾ ਗੋਸਵਾਮੀ (ਐਥਲੈਟਿਕਸ), ਨਰਿੰਦਰ (ਬਾਕਸਿੰਗ), ਵਿਦਿਤ ਗੁਜਰਾਤੀ (ਸ਼ਤਰੰਜ), ਦਿਵਿਆ ਦੇਸ਼ਮੁਖ (ਸ਼ਤਰੰਜ), ਧਨੁਸ਼ ਸ਼੍ਰੀਕਾਂਤ (ਡੈੱਫ ਸ਼ੂਟਿੰਗ), ਰਾਜਕੁਮਾਰ ਪਾਲ (ਹਾਕੀ), ਸੁਰਜੀਤ (ਕਬੱਡੀ), ਅਰਵਿੰਦ ਸਿੰਘ (ਰੋਇੰਗ), ਅਖਿਲ ਸ਼ਿਓਰਾਨ (ਸ਼ੂਟਿੰਗ), ਟਰੀਸਾ ਜੌਲੀ (ਬੈਡਮਿੰਟਨ), ਗਾਇਤਰੀ ਗੋਪੀਚੰਦ (ਬੈਡਮਿੰਟਨ), ਲਾਲਰੇਮਸਿਆਮੀ (ਹਾਕੀ), ਮੁਹੰਮਦ ਅਜਮਲ (ਐਥਲੈਟਿਕਸ) ਤੇ ਪੂਜਾ (ਕਬੱਡੀ)।