ਹਰ ਇੱਕ ਲਈ ਰੁਜ਼ਗਾਰ ਸਭ ਤੋਂ ਵੱਡੀ ਲੋੜ : ਦਵਿੰਦਰ ਸੋਹਲ

0
5

ਝਬਾਲ (ਮੱਖਣ ਮਨੋਜ)
ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸੰਬੰਧੀ ਮੰਗਲਵਾਰ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਝਬਾਲ ਚੌਕ ਤੋਂ ਵਿਸ਼ਾਲ ਜਥਾ ਮਾਰਚ ਮੋਟਰਸਾਈਕਲਾਂ, ਗੱਡੀਆਂ ‘ਤੇ ਖੇਮਕਰਨ ਵੱਲ ਤੋਰਿਆ ਗਿਆ। ਇਸ ਜਥੇ ਦੀ ਅਗਵਾਈ ਮਨਜੀਤ ਸਿੰਘ ਢੰਡ, ਸੁਲੱਖਣ ਸਿੰਘ ਗੰਡੀਵਿੰਡ, ਸੁਰਿੰਦਰ ਸਿੰਘ ਬਿੱਲਾ, ਜਗਤਾਰ ਸਿੰਘ ਜੱਗਾ ਵੱਲੋਂ ਕੀਤੀ ਗਈ। ਝਬਾਲ ਤੇ ਗੱਗੋਬੂਹਾ, ਸੁਰਸਿੰਘ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਤੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਅੱਜ ਦੇਸ਼ ਦੀ ਮਿਹਨਤਕਸ਼ ਜਨਤਾ ਦੀ ਲੋੜ ਹੈ ਕਿ ਸਭ ਮੁੰਡੇ-ਕੁੜੀਆਂ ਨੂੰ ਕੰਮ/ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਚੰਗੀ ਜ਼ਿੰਦਗੀ ਜਿਉਣ ਲਈ ਚੰਗਾ ਮਿਹਨਤਾਨਾ ਕਾਨੂੰਨੀ ਰੂਪ ਵਿੱਚ ਦਿੱਤਾ ਜਾਵੇ। ਇਸ ਨਾਲ ਹੀ ਪੰਜਾਬ ਤੇ ਭਾਰਤ ਦੇ ਹੋਰ ਰਾਜਾਂ ਵਿੱਚ ਨਸ਼ਾਖੋਰੀ, ਗੈਂਗਸਟਰਵਾਦ, ਚੋਰੀਆਂ, ਡਾਕਿਆਂ, ਲੁੱਟਾਂ-ਖੋਹਾਂ ਸਮੇਤ ਸਮਾਜਿਕ ਬੁਰਾਈਆਂ ਦਾ ਖਾਤਮਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਹਰ ਫ਼ਸਲ ‘ਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਹੋਵੇ। ਮਜ਼ਦੂਰ ਵਿਰੋਧੀ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ। ਨਰੇਗਾ ਕਾਨੂੰਨ ਪਹਿਲੇ ਰੂਪ ਵਿੱਚ ਮੁੜ ਬਹਾਲ ਕੀਤਾ ਜਾਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਸੰਪੂਰਨ ਹੱਕ ਹੋਵੇ। ਪੰਜਾਬ ਸਮੇਤ ਸਭ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਉਹਨਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ, ਜਿਸ ਨਾਲ ਸਾਡੇ ਮਜ਼ਦੂਰ, ਕਿਸਾਨ, ਛੋਟੇ ਤੇ ਕਾਰੋਬਾਰੀਆਂ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਗੰਡੀਵਿੰਡ, ਸੁਖਵੰਤ ਸਿੰਘ ਮੰਨਣ, ਕੰਵਲਜੀਤ ਸਿੰਘ ਢਿੱਲੋਂ, ਪੰਜਾਬ ਸਿੰਘ ਕਸੇਲ, ਤਰਸੇਮ ਸਿੰਘ ਝਬਾਲ, ਕੁਲਦੀਪ ਸਿੰਘ ਮੈਂਬਰ, ਅਰਵਿੰਦ ਗੁਪਤਾ, ਜਸਪਾਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਸਰਾਂ ਸਮੇਤ ਕਈ ਆਗੂ ਮੌਜੂਦ ਸਨ।