ਚੰਡੀਗੜ੍ਹ (ਨ ਜ਼ ਸ)
ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਪਹਿਲੀ ਸਤੰਬਰ ਨੂੰ ਦਿੱਲੀ ਵਿਚ ਕੀਤੀ ਜਾ ਰਹੀ ਰੈਲੀ ਲਈ ਪਾਰਟੀ ਵਰਕਰਾਂ, ਹਮਦਰਦਾਂ ਵਿਚ ਭਾਰੀ ਉਤਸ਼ਾਹ ਹੈ। ਇਸ ਸੰਬੰਧ ਵਿਚ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਰੈਲੀਆਂ, ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾ ਕਿਹਾ ਕਿ ਸੀ ਪੀ ਆਈ ਵੱਲੋਂ ਪੰਜਾਬ ਦੇ ਲੋਕ ਮੁੱਦਿਆਂ ਨੂੰ ਜੋ ਸਮੁੱਚੇ ਪੰਜਾਬ ਵਿਚ ਕਨਵੈਨਸ਼ਨਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ 6 ਅਗਸਤ ਤੋਂ 15 ਅਗਸਤ ਤੱਕ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਰੇ ਭਾਰਤ ਵਿਚ ਜਥਾ-ਮਾਰਚ ਅਤੇ ਪੈਦਲ-ਯਾਤਰਾ ਦੇਸ਼ ਦੇ ਸਨਮੁੱਖ ਜੋ ਲੋਕਾਂ ਦੀਆਂ ਵਿਕਰਾਲ ਸਮੱਸਿਆਵਾਂ ਹਨ, ਉਹਨਾਂ ਦਾ ਪ੍ਰਚਾਰ ਕਰਨ ਲਈ ਕੀਤੀਆਂ ਗਈਆਂ ਅਤੇ ਪਾਰਟੀ ਵੱਲੋਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ਬਦਲਾਅ ਦਾ ਨਾਅਰਾ ਲੈ ਕੇ ਕੀਤੀ ਜਾ ਰਹੀ ਵਿਸ਼ਾਲ ਦੇਸ਼-ਪੱਧਰੀ ਰੈਲੀ ਵਿਚ ਪੰਜਾਬ ਤੋਂ 10 ਹਜ਼ਾਰ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ ਅਤੇ ਔਰਤਾਂ ਦੀ ਸ਼ਮੂਲੀਅਤ ਕਰਵਾਉਣ ਦੀ ਤਿਆਰੀ ਕੀਤੀ ਗਈ ਹੈ। ਉਮੀਦ ਹੈ ਕਿ 10 ਹਜ਼ਾਰ ਤੋਂ ਵੱਧ ਪਾਰਟੀ ਕਾਰਕੁਨ ਪਹਿਲੀ ਸਤੰਬਰ ਨੂੰ ਦਿੱਲੀ ਵਿਚ ਹੁੰਮ-ਹੁਮਾ ਕੇ ਪੁੱਜਣਗੇ। ਇਥੇ ਜਾਰੀ ਕੀਤੇ ਬਿਆਨ ਵਿਚ ਧਾਲੀਵਾਲ ਨੇ ਕਿਹਾ ਕਿ ਜਿਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਨਵੈਨਸ਼ਨਾਂ ਕੀਤੀਆਂ ਗਈਆਂ ਉਹਨਾਂ ਵਿਚ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਬਣਦੀ ਜਾ ਗੰਭੀਰ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਦਰਿਆਈ ਪਾਣੀ ਦੀ ਵੰਡ ਰਿਪੇਅਰੀਅਨ ਕਾਨੂੰਨ ਅਤੇ ਪੰਜਾਬ ਦੀਆਂ ਖੇਤੀ ਲੋੜਾਂ ਅਤੇ ਪਾਣੀ ਦੀ ਵਰਤਮਾਨ ਉਪਲੱਭਤਾ ਨੂੰ ਸਾਹਮਣੇ ਰੱਖ ਕੇ ਤਰਕਸੰਗਤ ਤਰੀਕੇ ਨਾਲ ਕੀਤੀ ਜਾਣੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨੇ, ਚੰਡੀਗੜ੍ਹ ਪੰਜਾਬ ਨੂੰ ਸੌਂਪਣਾ, ਪੰਜਾਬ ਨਾਲ ਕੇਂਦਰ ਸਰਕਾਰ ਵਲੋਂ ਕਈ ਪੱਖਾਂ ਤੋਂ ਕੀਤਾ ਜਾ ਰਿਹਾ ਵਿਤਕਰਾ ਦੂਰ ਕਰਨਾ, ਪੰਜਾਬੀ ਭਾਸ਼ਾ ਤੇ ਹਮਲਾ ਬੰਦ ਕਰਨਾ ਅਤੇ ਪੰਜਾਬੀ ਦੀ ਪਰਫੁਲਤਾ ਲਈ ਠੋਸ ਕਦਮ ਚੁਕਣੇ ਅਤੇ ਪੰਜਾਬੀ ਨੂੰ ਜਨ-ਜੀਵਨ ਵਿਚ ਈਮਾਨਦਾਰੀ ਲਾਗੂ ਕਰਨਾ ਅਤੇ ਇਸ ਦਾ ਬਣਦਾ ਰੁਤਬਾ ਬਹਾਲ ਕਰਨਾ, ਪੰਜਾਬ ਵਿਚ ਬੇਰੁਜ਼ਗਾਰੀ, ਨਸ਼ਿਆਂ ਦਾ ਪ੍ਰਕੋਪ, ਅਮਨ-ਕਾਨੂੰਨ ਦੀ ਬਦ ਤੋਂ ਬਦਤਰ ਬਣ ਚੁੱਕੀ ਸਥਿਤੀ, ਸਿਹਤ, ਸਿੱਖਿਆ, ਮਨਰੇਗਾ ਤਹਿਤ ਪੂਰੇ ਦਿਨ ਕੰਮ ਦੇਣ ਦਾ ਪ੍ਰਬੰਧ ਕਰਨਾ ਅਤੇ ਸਮੇਂ ਸਿਰ ਅਦਾਇਗੀ ਕਰਨਾ, ਮਹਿੰਗਾਈ ਕੰਟਰੋਲ ਕਰਨਾ, ਮਜ਼ਦੂਰ-ਵਿਰੋਧੀ ਚਾਰੇ ਲੇਬਰ ਕੋਡ ਰੱਦ ਕਰਨੇ, ਬਿਜਲੀ ਸੋਧ ਬਿੱਲ, ਸੀਡ ਬਿੱਲ, ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕਰਨਾ ਆਦਿ ਸ਼ਾਮਲ ਸਨ। ਇਹਨਾਂ ਕਨਵੈਨਸ਼ਨਾਂ ਨੂੰ ਕਾਮਯਾਬ ਕਰਨ ਲਈ ਸੂਬਾਈ ਲੀਡਰਸ਼ਿਪ ਮੇਰੇ ਸਮੇਤ ਸਰਬਸਾਥੀ ਬੰਤ ਬਰਾੜ, ਹਰਦੇਵ ਅਰਸ਼ੀ, ਜਗਰੂਪ ਸਿੰਘ, ਅਮਰਜੀਤ ਆਸਲ, ਨਰਿੰਦਰ ਸੋਹਲ, ਪ੍ਰਿਥੀਪਾਲ ਮਾੜੀਮੇਘਾ, ਬਲਦੇਵ ਸਿੰਘ ਨਿਹਾਲਗੜ੍ਹ, ਦੇਵੀ ਕੁਮਾਰੀ ਅਤੇ ਕ੍ਰਿਸ਼ਨ ਚੌਹਾਨ ਨੇ ਤਨਦੇਹੀ ਨਾਲ ਆਪਣੀ ਬਣਦੀ ਭੂਮਿਕਾ ਨਿਭਾਈ।
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਦਿੱਲੀ ਰਾਮਲੀਲ੍ਹਾ ਮੈਦਾਨ ਵਿਖੇ ਕੀਤੀ ਜਾ ਰਹੀ ਦੇਸ਼ ਪੱਧਰੀ ਵਿਸ਼ਾਲ ਰੈਲੀ ਵਿਚ ਪੰਜਾਬ ਦੇ ਸਮੁਚੇ ਜ਼ਿਲ੍ਹਿਆਂ ਵੱਲੋਂ ਆਪਣੀ ਪੂਰੀ ਸਮਰੱਥਾ ਨਾਲ ਰੈਲੀ ਵਿਚ ਪਾਰਟੀ ਕਰਕੁਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਜਥਾ-ਮਾਰਚ, ਪਦ-ਯਾਤਰਾ ਅਤੇ ਮੀਟਿੰਗਾਂ ਰਾਹੀਂ ਇਸ ਬਦਲਾਅ ਰੈਲੀ ਲਈ ਉਭਾਰੇ ਜਾ ਰਹੇ ਮੁੱਦੇ ਸੰਵਿਧਾਨ ਬਚਾਓ-ਦੇਸ਼ ਬਚਾਓ, ਮੁਕਤ ਵਪਾਰ ਸਮਝੌਤਾ ਰੱਦ ਕਰੋ, ਭਾਜਪਾ ਦੀ ਤਾਨਾਸ਼ਾਹ ਅਤੇ ਫਿਰਕਾਪ੍ਰਸਤ ਸਰਕਾਰ ਨੂੰ ਚਲਦਾ ਕਰੋ, ਮਨਰੇਗਾ ਕਾਨੂੰਨ ਬਹਾਲ ਕਰੋ, ਧਾਰਮਿਕ ਘੱਟ-ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਓ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ, ਮਹਿੰਗਾਈ ਨੂੰ ਨੱਥ ਪਾਓ, ਸਿਹਤ ਅਤੇ ਸਿੱਖਿਆ ਮਿਆਰੀ ਅਤੇ ਮੁਫਤ ਮੁਹੱਈਆਂ ਕਰਵਾਓ, ਚਾਰੇ, ਲੇਬਰ ਕੋਡ ਰੱਦ ਕਰੋ ਆਦਿ ਮੁੱਦਿਆਂ ਨੂੰ ਆਮ ਲੋਕਾਂ ਵਿਚ ਵੱਡੇ ਪੱਧਰ ‘ਤੇ ਪ੍ਰਚਾਰਿਆ ਗਿਆ।
ਪੰਜਾਬ ਸੀ ਪੀ ਆਈ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜਿਥੇ ਸਾਰੇ ਜ਼ਿਲ੍ਹਾ ਸਕੱਤਰਾਂ ਨੂੰ ਰੈਲੀ ਦੀ ਕਾਮਯਾਬੀ ਲਈ ਮੁਹਿੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ, ਉਥੇ ਪੰਜਾਬ ਦੀ ਪੀੜਤ ਜਨਤਾ ਨੂੰ ਵੀ ਦਿੱਲੀ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।





