ਕਸ਼ਮੀਰ ਬਾਰੇ ਐਡਵਾਈਜ਼ਰੀ ‘ਤੇ ਨਜ਼ਰਸਾਨੀ ਕਰਾਂਗੇ : ਗੋਰ

0
6

ਸ੍ਰੀਨਗਰ : ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਬੁੱਧਵਾਰ ਕਿਹਾ ਕਿ ਅਮਰੀਕਾ ਜੰਮੂ-ਕਸ਼ਮੀਰ ਲਈ ਜਾਰੀ ਟਰੈਵਲ ਐਡਵਾਈਜ਼ਰੀ ਦੀ ਸਮੀਖਿਆ ਕਰੇਗਾ, ਕਿਉਂਕਿ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਖੇਤਰ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਕਦਮ ਚੁੱਕੇ ਹਨ।
ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੋ ਦਿਨਾਂ ਦੌਰੇ ‘ਤੇ ਬੁੱਧਵਾਰ ਨੂੰ ਸ੍ਰੀਨਗਰ ਪਹੁੰਚੇ ਗੋਰ ਨੇ ਉਮਰ ਅਬਦੁੱਲਾ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਅਤੇ ਇੱਕ ਬੇਹੱਦ ਖੂਬਸੂਰਤ ਜਗ੍ਹਾ ਹੈ। ਗੋਰ ਨੇ ਕਿਹਾ, ”ਅਮਰੀਕਾ ਯਾਤਰਾ ਨਾਲ ਜੁੜੀਆਂ ਚਿਤਾਵਨੀਆਂ ਜਾਰੀ ਕਰਦਾ ਹੈ ਅਤੇ ਅਸੀਂ ਸਮੇਂ-ਸਮੇਂ ‘ਤੇ ਇਨ੍ਹਾਂ ਦੀ ਸਮੀਖਿਆ ਵੀ ਕਰਦੇ ਹਾਂ। ਮੈਂ ਅੱਜ ਇੱਥੇ ਕੋਈ ਵੱਡਾ ਐਲਾਨ ਤਾਂ ਨਹੀਂ ਕਰ ਸਕਦਾ, ਪਰ ਅਸੀਂ ਇਸ ਮੁੱਦੇ ‘ਤੇ ਵਿਚਾਰ ਜ਼ਰੂਰ ਕਰਾਂਗੇ।” ਉਸ ਨੇ ਕਿਹਾ, ”ਸਾਡਾ ਮੰਨਣਾ ਹੈ ਕਿ ਨਵੀਂ ਦਿੱਲੀ, ਇੱਥੋਂ ਦੇ ਮੁੱਖ ਮੰਤਰੀ ਅਤੇ ਇੱਥੋਂ ਦੇ ਪ੍ਰਸ਼ਾਸਨ ਨੇ ਇਸ ਖੇਤਰ ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਕੁਝ ਬਿਹਤਰੀਨ ਕਦਮ ਚੁੱਕੇ ਹਨ। ਇਸ ਲਈ ਅਸੀਂ ਇਸ ਗੱਲ ‘ਤੇ ਵਿਚਾਰ ਕਰਾਂਗੇ ਕਿ ਕੀ ਅਮਰੀਕਾ ਵੱਲੋਂ ਜਾਰੀ ਯਾਤਰਾ ਚਿਤਾਵਨੀ ਦੇ ਪੱਧਰ ਨੂੰ ਘਟਾਇਆ ਜਾਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਅਮਰੀਕੀ ਜੰਮੂ-ਕਸ਼ਮੀਰ ਆ ਕੇ ਇਸ ਦੀ ਖੂਬਸੂਰਤੀ ਦਾ ਦੀਦਾਰ ਕਰਨਾ ਅਤੇ ਇੱਥੇ ਮੌਜੂਦ ਮੌਕਿਆਂ ਬਾਰੇ ਜਾਣਨਾ ਪਸੰਦ ਕਰਨਗੇ।” ਉਮਰ ਨੇ ਕਿਹਾ ਕਿ ਉਨ੍ਹਾ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਮਰੀਕਾ ਅਤੇ ਜੰਮੂ-ਕਸ਼ਮੀਰ ਵਿਚਕਾਰ ਸੰਬੰਧ ਹੋਰ ਜ਼ਿਆਦਾ ਵਿਆਪਕ ਅਤੇ ਮਜ਼ਬੂਤ ਹੋਣਗੇ।