ਬੰਬੀਹਾ ਗੈਂਗ ਦੇ 3 ਮੈਂਬਰ ਮਲੇਸ਼ੀਆ ਤੋਂ ਪੰਜਾਬ ਲਿਆਂਦੇ

0
7

ਚੰਡੀਗੜ੍ਹ. (ਗੁਰਜੀਤ ਬਿੱਲਾ) : ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਲੋੜੀਂਦੇ ਮੈਂਬਰਾਂ ਜਸਪ੍ਰੀਤ ਸਿੰਘ ਉਰਫ ਜਸ ਬਹਿਬਲ (ਫਰੀਦਕੋਟ) ਅਤੇ ਅਜੇ ਸਿੰਘ ਤੇ ਪਵਨਦੀਪ ਸਿੰਘ (ਸ੍ਰੀ ਗੰਗਾਨਗਰ) ਨੂੰ ਮਲੇਸ਼ੀਆ ਤੋਂ ਭਾਰਤ ਡਿਪੋਰਟ ਕਰਵਾ ਕੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਪੁਲਸ ਨੇ ਗ੍ਰਿਫਤਾਰ ਕਰਕੇ ਪੰਜਾਬ ਲੈ ਆਂਦਾ ਹੈ। ਜਸ ਬਹਿਬਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਆਗੂ ਯਾਦਵਿੰਦਰ ਸਿੰਘ ਅਤੇ ਜੀਵਨਜੋਤ ਸਿੰਘ ਚਾਹਲ ਉਰਫ ਜੁਗਨੂੰ ਦੇ ਡਰਾਈਵਰ ਦੇ 2025 ਦੇ ਕਤਲ ਕੇਸ ਦੇ ਸੰਬੰਧ ਵਿੱਚ ਰਸਮੀ ਤੌਰ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਅਜੇ ਸਿੰਘ ਅਤੇ ਪਵਨਦੀਪ ਸਿੰਘ ਨੇ 2025 ਵਿੱਚ ਲੁਧਿਆਣਾ ਵਿੱਚ ਹੈਂਡ-ਗ੍ਰਨੇਡ ਧਮਾਕਾ ਕਰਨ ਲਈ ਆਪਣੇ ਜ਼ਮੀਨੀ ਕਾਰਕੁੰਨਾਂ ਨੂੰ ਕੰਮ ਸੌਂਪਿਆ ਸੀ। ਹਾਲਾਂਕਿ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ।

ਮੇਜਰ ਅਮਰੀਕਾ ‘ਚ ਅੱਤ-ਲੋੜੀਂਦਾ
ਵਾਸ਼ਿੰਗਟਨ : ਜੱਗੂ ਭਗਵਾਨਪੁਰੀਆ ਗੈਂਗ ਦਾ ਮੁੱਖ ਕਾਰਕੁੰਨ ਮੇਜਰ ਸਿੰਘ ਐੱਫ ਬੀ ਆਈ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਐੱਫ ਬੀ ਆਈ ਮੁਤਾਬਕ ਮੇਜਰ ਸਿੰਘ ਕੌਮਾਂਤਰੀ ਅਪਰਾਧਕ ਸੰਗਠਨ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਲਈ ਲੋੜੀਂਦਾ ਹੈ। ਸੰਗਠਨ ਬਿਨਾਂ ਲਾਇਸੈਂਸ ਦੇ ਹਥਿਆਰਾਂ ਦੇ ਵਪਾਰ ਦੇ ਧੰਦੇ ਵਿੱਚ ਸ਼ਾਮਲ ਹੋਣ ਤੇ ਨਿਯੰਤਰਤ ਪਦਾਰਥ ਵੰਡਣ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੈ।
ਹੋਟਲ ‘ਚ ਅੱਗ, 9 ਮੌਤਾਂ
ਕੋਲਕਾਤਾ : ਮਿਰਜ਼ਾ ਗਾਲਿਬ ਸੜਕ ‘ਤੇ ਸਥਿਤ ਇੱਕ ਪੰਜ ਮੰਜ਼ਲਾ ਹੋਟਲ ‘ਚ ਮੰਗਲ-ਬੁੱਧ ਦੀ ਰਾਤ 1:45 ਵਜੇ ਭਿਆਨਕ ਅੱਗ ਲੱਗਣ ਕਾਰਨ 4 ਸਾਲਾ ਮਾਸੂਮ ਬੱਚੇ ਅਤੇ ਦੋ ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਗੰਭੀਰ ਜ਼ਖਮੀ ਹੋ ਗਏ। ਬਚਾਅ ਟੀਮਾਂ ਨੇ 80 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮ੍ਰਿਤਕਾਂ ਵਿੱਚ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹੋਟਲ ਮਾਲਕ ਫਰਾਰ ਹੋ ਗਿਆ ਹੈ।