ਪਟਿਆਲਾ (ਨ ਜ਼ ਸ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੰਗਲਵਾਰ ਰਾਤ ਅੱਠ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ। ਵਿਦਿਆਰਥੀ ਵਧੀ ਹੋਈ ਫੀਸ ਵਾਪਸ ਲੈਣ ਅਤੇ ਹੋਰ ਮੰਗਾਂ ਨੂੰ ਲੈ ਕੇ ਵਾਈਸ ਚਾਂਸਲਰ ਦੀ ਰਿਹਾਇਸ਼ ਵੱਲ ਇੱਕ ‘ਜਾਗੋ’ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਮੌਕੇ ‘ਤੇ ਤਾਇਨਾਤ ਭਾਰੀ ਪੁਲਸ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਧੱਕਾਮੁੱਕੀ ਅਤੇ ਝੜਪ ਹੋ ਗਈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਜਾਗੋ ਕੱਢ ਰਹੇ ਸਨ, ਪਰ ਪੁਲਸ ਨੇ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲਈ ਜਬਰਨ ਰੋਕਿਆ। ਵਿਦਿਆਰਥੀਆਂ ਦੀ ਮੰਗ ਹੈ ਕਿ ਵੱਖ-ਵੱਖ ਕੋਰਸਾਂ ਅਤੇ ਸੇਵਾਵਾਂ ਦੀਆਂ ਫੀਸਾਂ ਵਿੱਚ 16 ਤੋਂ 102 ਫੀਸਦੀ ਅਤੇ ਹੋਸਟਲ ਫੀਸ ਵਿੱਚ 42 ਫੀਸਦੀ ਤੱਕ ਦਾ ਭਾਰੀ ਵਾਧਾ ਵਾਪਸ ਲਿਆ ਜਾਵੇ।
ਵਿਦਿਆਰਥੀ ਯੂਨੀਵਰਸਿਟੀ ‘ਚ 4 ਨਵੇਂ ਹੋਸਟਲਾਂ ਦੇ ਨਿਰਮਾਣ ਦੀ ਮੰਗ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਯੂਨੀਵਰਸਿਟੀ ਸਿਰ ਚੜ੍ਹਿਆ ਲੱਗਭੱਗ 150 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਬੁੱਧਵਾਰ ਸਵੇਰੇ ਕੈਂਪਸ ‘ਚ ਸ਼ਾਂਤੀ ਰਹੀ, ਪਰ ਵਿਦਿਆਰਥੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਭਾਵੇਂ ਪੰਜਾਬੀ ਯੂਨੀਵਰਸਿਟੀ ਨੇ ਮੰਗਲਵਾਰ ਵੱਖ-ਵੱਖ ਅਕਾਦਮਿਕ ਕੋਰਸਾਂ ਲਈ ਫੀਸ ਵਾਧੇ ਨੂੰ ਅੰਸ਼ਕ ਤੌਰ ‘ਤੇ ਵਾਪਸ ਲੈਣ ਦਾ ਐਲਾਨ ਕੀਤਾ ਹੈ, ਪਰ ਵਿਦਿਆਰਥੀਆਂ ਨੇ ਫੀਸ ਵਾਧੇ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਕਰਦੇ ਹੋਏ ਵਾਈਸ ਚਾਂਸਲਰ ਜਗਦੀਪ ਸਿੰਘ ਦੇ ਦਫਤਰ ਦੇ ਬਾਹਰ ਧਰਨਾ ਜਾਰੀ ਰੱਖਿਆ। ਵਾਈਸ ਚਾਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਲਗਭਗ ਪੰਜ ਸਾਲਾਂ ਤੋਂ ਬਾਅਦ ਕੀਤਾ ਫੀਸ ਵਾਧਾ ਹੁਣ ਲਗਭਗ 7.5 ਫੀਸਦੀ ਰਹੇਗਾ।
ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਕਈ ਸਾਲਾਂ ਤੋਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਹੋਰ ਰਾਜ ਯੂਨੀਵਰਸਿਟੀਆਂ ਵਾਂਗ ਅਕਾਦਮਿਕ, ਖੋਜ, ਬੁਨਿਆਦੀ ਢਾਂਚੇ ਅਤੇ ਵਿਦਿਆਰਥੀ ਭਲਾਈ ਗਤੀਵਿਧੀਆਂ ਨੂੰ ਕਾਇਮ ਰੱਖਣ ਲਈ ਵਾਧੂ ਸਰੋਤ ਪੈਦਾ ਕਰਨ ਦੀ ਲੋੜ ਸੀ।
ਵਿਦਿਆਰਥੀਆਂ ਮੁਤਾਬਕ ਉਹ ਵੀਰਵਾਰ ਤੋਂ ਅੰਦੋਲਨ ਨੂੰ ਤੇਜ਼ ਕਰਨਗੇ ਅਤੇ ਵਿਧਾਇਕਾਂ ਤੇ ਮੰਤਰੀਆਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਨਹੀਂ ਆਉਣ ਦੇਣਗੇ। ਫੀਸ ਵਾਧੇ ਵਿਰੋਧੀ ਮੋਰਚੇ ਦੇ ਮੈਂਬਰ ਗੁਰਦਾਸ ਨੇ ਕਿਹਾ, ‘ਕੁਝ ਕੋਰਸਾਂ ਲਈ ਫੀਸ ਵਾਧਾ ਦੁੱਗਣੇ ਤੋਂ ਵੀ ਵੱਧ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ 150 ਕਰੋੜ ਦਾ ਕਰਜ਼ਾ ਮੁਆਫ ਕਰੇਗੀ, ਪਰ ਇੱਕ ਪੈਸਾ ਵੀ ਮੁਆਫ ਨਹੀਂ ਕੀਤਾ ਗਿਆ। ਯੂਨੀਵਰਸਿਟੀ ਹਰ ਸਾਲ ਕਰਜ਼ੇ ‘ਤੇ 14 ਕਰੋੜ ਰੁਪਏ ਵਿਆਜ ਵਜੋਂ ਅਦਾ ਕਰ ਰਹੀ ਹੈ।’




