ਨਵੀਂ ਦਿੱਲੀ (ਨ ਜ਼ ਸ) : ਭਾਜਪਾ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਬਾਬਾ ਰਾਮਦੇਵ ਵੱਲੋਂ ਉਸ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਬੁੱਧਵਾਰ ਤਿੱਖਾ ਹਮਲਾ ਕਰਦਿਆਂ ਕਿਹਾ, ‘ਬਾਬਾ ਜੀ ਮੇਰੀ ਜਵਾਨੀ ਜਾਂ ਬੈੱਡਰੂਮ ਬਾਰੇ ਸੁਪਨੇ ਨਾ ਦੇਖੋ। ਘੱਟੋ ਘੱਟ ਮੈਨੂੰ ਸੁਪਰੀਮ ਕੋਰਟ ਨੇ ਕਦੇ ਝਿੜਕਿਆ ਨਹੀਂ। (ਪਤੰਜਲੀ ਦਾ ਮਾਲਕ ਰਾਮਦੇਵ ਆਪਣੇ ਉਤਪਾਦਾਂ ਨੂੰ ਲੈ ਕੇ ਅਦਾਲਤਾਂ ਤੋਂ ਝਿੜਕਾਂ ਖਾ ਚੁੱਕਾ ਹੈ)।’ ਉਸ ਨੇ ਕਿਹਾ, ‘ਇਸ ਲਈ ਮੈਨੂੰ ਚਰਿੱਤਰ ਦੇ ਸਬਕ ਨਾ ਦਿਓ। ਤੁਮਸੇ ਤੋ ਬਹੁਤ ਜ਼ਿਆਦਾ ਬੇਹਤਰ ਹੈ ਮੇਰਾ ਕਿਰਦਾਰ (ਇੱਥੇ ਕੋਈ ਧੋਖਾਧੜੀ ਨਹੀਂ ਮਿਲੀ)।’
ਇੱਕ ਸਮਾਗਮ ਵਿੱਚ ਜਦੋਂ ਬਾਬਾ ਰਾਮਦੇਵ ਨੂੰ ਇੱਕ ਪੀੜ੍ਹੀ ਦਾ ਵਰਣਨ ਕਰਨ ਲਈ ਕੰਗਨਾ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਉਸ ਦੀ ਸਿੱਖਿਆ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਰਾਮਦੇਵ ਨੇ ਕਿਹਾ, ‘ਉਸ ਦਾ ਬਚਪਨ ਕਿਹੋ ਜਿਹਾ ਸੀ? ਉਸ ਦੀ ਜਵਾਨੀ ਕਿਹੋ ਜਿਹੀ ਸੀ? ਉਸ ਦੀਆਂ ਪਿਛਲੀਆਂ ਪ੍ਰਾਪਤੀਆਂ ਕਿਹੋ ਜਿਹੀਆਂ ਹਨ? ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਨੌਜਵਾਨਾਂ ਨੂੰ ਪੀੜ੍ਹੀ ਦਾ ਗਟਰ ਕਹਿਣਾ ਇੱਕ ਭ੍ਰਿਸ਼ਟ ਦਿਮਾਗ ਦੀ ਨਿਸ਼ਾਨੀ ਹੈ।’ ਕੰਗਨਾ ਨੇ ਜੰਤਰ-ਮੰਤਰ ਦੇ ਕੁਝ ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਔਰਤਾਂ ਨੂੰ ‘ਪੀੜ੍ਹੀ ਦਾ ਗਟਰ’ ਕਿਹਾ ਸੀ ਤੇ ਉਨ੍ਹਾਂ ‘ਤੇ ਪੱਛਮੀ ਮਾਨਸਿਕਤਾ ਅਪਣਾਉਣ ਦਾ ਦੋਸ਼ ਲਗਾਇਆ ਸੀ।
ਕੰਗਨਾ ਨੇ ਬਾਬਾ ਰਾਮਦੇਵ ਅਤੇ ਸੁਪਰੀਮ ਕੋਰਟ ਬਾਰੇ ਜਿਸ ਨੁਕਤੇ ਦਾ ਜ਼ਿਕਰ ਕੀਤਾ ਹੈ, ਉਹ 2024 ਦਾ ਹੈ। ਕੰਪਨੀ ਵੱਲੋਂ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਸੰਬੰਧੀ ਅਦਾਲਤ ਦੇ ਪਹਿਲਾਂ ਦੇ ਹੁਕਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਅਤੇ ਪਤੰਜਲੀ ਦੇ ਐੱਮ ਡੀ ਆਚਾਰੀਆ ਬਾਲਕ੍ਰਿਸ਼ਨ ਨੂੰ ਤਲਬ ਕੀਤਾ ਸੀ। ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਸੀ ਕਿ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਉਣ ਵਾਲੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਉਨ੍ਹਾਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। ਬਾਬਾ ਰਾਮਦੇਵ ਨੇ ਫਿਰ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਬਿਨਾਂ ਸ਼ਰਤ ਮੁਆਫੀ ਮੰਗੀ।



