ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ,
ਕੁਲਭੂਸ਼ਨ ਚਾਵਲਾ)
ਨਰੇਗਾ-ਕਮ-ਗਰਾਮ ਜੀ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸ਼ੁੱਕਰਵਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਤੋਂ ਬਾਅਦ ਮਜ਼ਦੂਰਾਂ ਨੇ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ‘ਤੇ ਧਰਨਾ ਦਿੱਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਦੇ ਨਾਂਅ ਆਪਣਾ ਅਧਿਕਾਰ ਪੱਤਰ ਸੌਂਪਿਆ।ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਨੇ ਆਖਿਆ ਕਿ ਸਰਕਾਰ ਨਰੇਗਾ ਅਤੇ ਗਰਾਮ ਜੀ ਯੋਜਨਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾ ਕਿਹਾ ਕਿ ਨਰੇਗਾ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕੰਮ ਵਿੱਚ ਰੁਕਾਵਟ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਪਾਰਦਰਸ਼ਤਾ ਨਾਲ ਲਾਗੂ ਹੋਵੇ। ਉਨ੍ਹਾ ਕਿਹਾ ਕਿ ਪਿਛਲੇ ਬਕਾਏ, ਰੁਕੇ ਮਸਟਰੋਲਾਂ ਦਾ ਭੁਗਤਾਨ ਕੀਤਾ ਜਾਵੇ ਅਤੇ ਬੇਰੁਜ਼ਗਾਰੀ ਭੱਤੇ ਦੇ ਕੇਸਾਂ ਦਾ ਨਿਪਟਾਰਾ ਹਰਜਾਨੇ ਸਮੇਤ ਹੋਵੇ, ਕੰਮ ਦਾ ਸਮਾਂ 12 ਘੰਟੇ ਕਰਨ ਦੀ ਬਜਾਏ 6 ਘੰਟੇ ਰੱਖਿਆ ਜਾਵੇ, ਜਾਲ੍ਹੀ ਜੌਬ ਕਾਰਡਾਂ ਅਤੇ ਮਸਟਰੋਲਾਂ ਵਿੱਚ ਹੋਏ ਘਪਲਿਆਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਮਾਲਕਾਂ ਨੂੰ ਵੀ ਆਪਣੀ ਖੇਤੀ ਵਿੱਚ ਨਰੇਗਾ ਅਧੀਨ ਕੰਮ ਕਰਨ ਦਾ ਹੱਕ ਮਿਲੇ।ਕਾਮਰੇਡ ਜਗਰੂਪ ਨੇ ਕਿਹਾ ਕਿ ਨਵੇਂ ਕਾਨੂੰਨ ਤਹਿਤ ਕੇਂਦਰ 90 ਫੀਸਦੀ ਹਿੱਸਾ ਪਾਉਣ ਦੀ ਬਜਾਏ ਹੁਣ 60 ਫੀਸਦੀ ਪਾਵੇਗਾ ਅਤੇ ਸੂਬਿਆਂ ਨੂੰ 10 ਫੀਸਦੀ ਥਾਂ 40 ਫੀਸਦੀ ਪਾਉਣਾ ਪਵੇਗਾ, ਜਿਸ ਨਾਲ ਮੁਸ਼ਕਲਾ ਵਧਣਗੀਆਂ। ਕੇਂਦਰ ਨੂੰ ਜਿੰਮੇਵਾਰੀ ਚੁੱਕਦਿਆਂ 90 ਫੀਸਦੀ ਹਿੱਸਾ ਪਾਉਣਾ ਚਾਹੀਦਾ ਅਤੇ ਬੇਰੁਜ਼ਗਾਰੀ ਭੱਤੇ ਦਾ ਵੀ ਅੱਧ-ਅੱਧ ਭੁਗਤਾਨ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਵੈਸੇ ਤੇ 318 ਤਰ੍ਹਾਂ ਦੇ ਕੰਮ ਕਰਵਾਏ ਜਾਣ ਦੀ ਲਿਸਟ ਹੈ, ਪਰ ਪੰਜਾਬ ਵਿੱਚ ਹੋਣ ਵਾਲੇ ਕੰਮਾਂ ਦੀ ਲਿਸਟ ਸਰਕਾਰ ਦੇ ਨਾ ਭੇਜਣ ਕਾਰਨ, ਇਸ ਵਿੱਚ ਸ਼ਾਮਲ ਨਹੀਂ ਹੈ। ਜਿਸ ਨਾਲ ਮੁਸ਼ਕਲਾ ਆਉਂਦੀਆਂ ਹਨ।
ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਨਰੇਗਾ ਦਫਤਰਾਂ ਅਤੇ ਅਫਸਰਾਂ ਦਾ ਘਿਰਾਓ ਵੀ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਣਾ ਨੇ ਕਿਹਾ ਕਿ ਨਵੇਂ ਜਾਅਲੀ ਕਾਰਡ ਬਣੇ, ਲੱਖਾਂ ਰੁਪਏ ਭੁਗਤਾਨ ਹੋ ਗਿਆ, ਉਨ੍ਹਾ ਇਤਰਾਜ਼ ਕੀਤਾ, ਕੋਈ ਕਾਰਵਾਈ ਨਹੀਂ, ਹੁਣ ਉਹ ਕਾਰਡ ਹੀ ਡਲੀਟ ਕਰ ਦਿਤੇ ਹਨ। ਇਸ ਸਭ ਕਾਸੇ ਦਾ ਜੋ ਜ਼ਿੰਮੇਵਾਰ ਹੈ ਉਸ ‘ਤੇ ਕਾਰਵਾਈ ਹੋਵੇ। ਰਕਮ ਵਸੂਲੀ ਜਾਵੇ।
ਬੇਰੁਜਗਾਰੀ ਭੱਤੇ ਦੇ ਕੇਸਾਂ ਵਿੱਚ ਦੇਰੀ ਕਰਨ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ। ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਹੋਵੇ ਅਤੇ ਭੱਤੇ ਦੀ ਅਦਾਇਗੀ ਹਰਜਾਨੇ ਸਮੇਤ ਦਿਤੀ ਜਾਵੇ।ਹਰਲਾਭ ਸਿੰਘ ਦੂਹੇਵਾਲਾ ਜ਼ਿਲ੍ਹਾ ਸਕਤਰ ਸੀ ਪੀ ਆਈ ਨੇ ਆਪਣੇ ਸੁਨੇਹੇ ਵਿਚ ਕਿਹਾ, ਸੀ ਪੀ ਆਈ ਨੇ ਸ਼ੁਰੂ ਤੋਂ ਨਰੇਗਾ ਮਜ਼ਦੂਰਾਂ ਦੀ ਮਦਦ ਕੀਤੀ ਹੈ, ਲੋਕਾਂ ਨੂੰ ਜਾਗਰੂਕ ਕੀਤਾ, ਹੁਣ ਨਰੇਗਾ ਗ੍ਰਾਮ ਜੀ ਨੂੰ ਲਾਗੂ ਕਰਾਉਣ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਹੋਰਨਾਂ ਮੁੱਦਿਆਂ ਤੋਂ ਇਲਾਵਾ ਨਰੇਗਾ ਮੁੱਦੇ ‘ਤੇ ਵੀ ਇੱਕ ਸਤੰਬਰ ਨੂੰ ਰਾਮ ਲੀਲਾ ਮੈਦਾਨ ਦਿੱਲੀ ਵਿੱਚ ਸੀ ਪੀ ਆਈ ਨੇ ਵੱਡੀ ਰੈਲੀ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾ ਦਿੱਲੀ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਕੱਠ ਵਿਚ ਭਾਰੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਈਆਂ।ਇੱਕਠ ਨੂੰ ਬਿੰਦਰ ਸਿੰਘ ਖੂੰਨਣ, ਸੁਰਜੀਤ ਸਿੰਘ ਛੱਤਿਆਣਾ, ਗੁਰਮੇਲ ਸਿੰਘ ਦੋਦਾ, ਬੋਹੜ ਸਿੰਘ ਖੂੰਨਣ ਕਲਾਂ, ਚੰਬਾ ਸਿੰਘ ਵਾੜਾ ਕਿਸ਼ਨਪੁਰਾ, ਗਿਆਨੀ ਗੁਰਬਚਨ ਸਿੰਘ, ਗੁਰਤੇਜ ਸਿੰਘ ਬਾਮ, ਹਰੀ ਸਿੰਘ ਸ਼ੇਰਗੜ, ਵਿਜੇ, ਸ਼ਮਸ਼ੇਰ, ਇਕਬਾਲ ਸਿੰਘ ਥਾਂਦੇਵਾਲਾ, ਹੀਰਾ ਸਿੰਘ ਆਧਨੀਆ ਬਲਾਕ ਸਕਤਰ ਲੰਬੀ, ਕਿਸਾਨ ਆਗੂ ਚਰਨਜੀਤ ਸਿੰਘ ਵਣਵਾਲਾ, ਵਿਦਿਆਰਥੀ ਆਗੂ ਸੁਖਵਿੰਦਰ ਆਦਿ ਨੇ ਵੀ ਸੰਬੋਧਨ ਕੀਤਾ।ਬਲਬੀਰ ਸਿੰਘ ਕੋਠੇ ਦਸ਼ਮੇਸ਼, ਚਰਨਜੀਤ ਅਤੇ ਹੋਰ ਆਗੂ ਵੀ ਮੌਜੂਦ ਸਨ।ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਰਿੰਦਰਪਾਲ ਸਿੰਘ ਢਿੱਲੋਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਾਲੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਬਾਕੀ ਮੰਗਾਂ ਲਈ ਡਿਪਟੀ ਕਮਿਸ਼ਨਰ ਨਾਲ ਜਲਦ ਮੀਟਿੰਗ ਕਰਵਾ ਕੇ ਹੱਲ ਕੱਢਿਆ ਜਾਵੇਗਾ।ਨਾਲ ਹੀ ਉਨ੍ਹਾਂ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕਰਮਚਾਰੀ ਬਿਨਾਂ ਵਜ੍ਹਾ ਨਰੇਗਾ ਮਜ਼ਦੂਰਾਂ ਦਾ ਕੰਮ ਰੋਕੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।




