ਜੀ ਟੀ ਸੀ ਤੇ ਸ਼੍ਰੋਮਣੀ ਕਮੇਟੀ ਮੁੜ ਆਹਮੋ-ਸਾਹਮਣੇ

0
11

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਇੱਕ ਵਾਰ ਫਿਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜੀ.ਟੀ.ਸੀ. ਨੈੱਟਵਰਕ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਯੂ-ਟਿਊਬ ਚੈਨਲ ਦੇ ਪ੍ਰਸਾਰਨ ਵਿੱਚ ਜਾਣਬੁੱਝ ਕੇ ਕਾਲੀਆਂ ਸਕ੍ਰੀਨਾਂ ਪਾ ਕੇ ਅਤੇ ਆਵਾਜ਼ ਬੰਦ ਕਰਕੇ ਵਿਘਨ ਪਾਇਆ ਜਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ‘ਪੀ.ਟੀ.ਸੀ. ਨੈੱਟਵਰਕ’ ਉੱਤੇ ਇਹ ਪ੍ਰਸਾਰਨ ਬਿਨਾਂ ਕਿਸੇ ਰੁਕਾਵਟ ਤੋਂ ਬਿਲਕੁਲ ਸਾਫ਼ ਚੱਲ ਰਿਹਾ ਹੈ। ਜੀ.ਟੀ.ਸੀ. ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਨੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਇੱਕ ਸਖ਼ਤ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਐੱਸ.ਜੀ.ਪੀ.ਸੀ. ਦੇ ਯੂ-ਟਿਊਬ ਚੈਨਲ ‘ਤੇ ਇਹ ਰੁਕਾਵਟਾਂ 15 ਅਗਸਤ ਤੋਂ ਲਗਾਤਾਰ ਆ ਰਹੀਆਂ ਹਨ। ਉਨ੍ਹਾ ਕਿਹਾ, “ਇਹ ਕੋਈ ਆਮ ਤਕਨੀਕੀ ਖਰਾਬੀ ਨਹੀਂ ਹੈ। ਸਾਡੇ ਕੋਲ ਸਬੂਤ ਵਜੋਂ ਵੱਖ-ਵੱਖ ਤਰੀਕਾਂ ਦੀਆਂ ਵੀਡੀਓ ਰਿਕਾਰਡਿੰਗਾਂ ਮੌਜੂਦ ਹਨ। ਨੈੱਟਵਰਕ ਦਾ ਕਹਿਣਾ ਹੈ ਕਿ ਗੁਰਬਾਣੀ ਦੇ ਪ੍ਰਸਾਰਨ ‘ਚ ਇਸ ਤਰ੍ਹਾਂ ਦਾ ਵਿਘਨ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੇ ਉਲਟ ਹੈ, ਕਿਉਂਕਿ ਗੁਰਬਾਣੀ ਪੂਰੀ ਮਾਨਵਤਾ ਦੀ ਆਤਮਿਕ ਪੂੰਜੀ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜੀ.ਟੀ.ਸੀ. ਨੈੱਟਵਰਕ ਵੱਲੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਚੁੱਕੇ ਗਏ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਕਤ ਨੈੱਟਵਰਕ ਕੋਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਮੁੜ-ਪ੍ਰਸਾਰਣ ਕਰਨ ਦਾ ਕੋਈ ‘ਕਾਨੂੰਨੀ ਅਧਿਕਾਰ’ ਨਹੀਂ ਹੈ। ਉਨ੍ਹਾ ਕਿਹਾ ਕਿ ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰਅਧੀਨ ਹੈ, ਇਸ ਲਈ ਤਕਨੀਕੀ ਤੌਰ ‘ਤੇ ਜੀ.ਟੀ.ਸੀ. ਗੁਰਬਾਣੀ ਦੇ ਪ੍ਰਸਾਰਣ ‘ਤੇ ਕੋਈ ਇਤਰਾਜ਼ ਖੜ੍ਹਾ ਨਹੀਂ ਕਰ ਸਕਦਾ।