ਚੰਡੀਗੜ੍ਹ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਨਵੇਂ ਵਾਈਸ ਚਾਂਸਲਰ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਚੋਣ ਲਈ ਤਿੰਨ-ਤਿੰਨ ਉਮੀਦਵਾਰਾਂ ਦੇ ਨਾਂਅ ਰਾਜਪਾਲ ਨੂੰ ਭੇਜ ਦਿੱਤੇ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣ ਕਿਸੇ ਵੇਲੇ ਵੀ ਇਨ੍ਹਾਂ ਪੈਨਲਾਂ ਵਿੱਚੋਂ ਇੱਕ-ਇੱਕ ਉਮੀਦਵਾਰ ਦੇ ਨਾਂਅ ‘ਤੇ ਮੋਹਰ ਲਗਾ ਸਕਦੇ ਹਨ। ਬਾਬਾ ਫ਼ਰੀਦਕੋਟ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਇਸ ਯੂਨੀਵਰਸਿਟੀ ਦਾ ਚਾਰਜ 25 ਜੁਲਾਈ ਨੂੰ ਆਈ.ਏ.ਐੱਸ. ਅਧਿਕਾਰੀ ਮਨਜੀਤ ਸਿੰਘ ਬਰਾੜ ਨੂੰ ਸੌਂਪਿਆ ਗਿਆ ਸੀ। ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਲਈ 10 ਉਮੀਦਵਾਰ ਕਤਾਰ ਵਿੱਚ ਸਨ, ਜਿਨ੍ਹਾਂ ਵਿੱਚੋਂ ਤਿੰਨ ਉਮੀਦਵਾਰਾਂ ਦੇ ਨਾਂਅ ਫਾਈਨਲ ਕੀਤੇ ਗਏ ਹਨ। ਇਸ ਸਮੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਦਾ ਚਾਰਜ ਡੀਨ (ਅਕਾਦਮਿਕ) ਡਾ. ਯਾਦਵਿੰਦਰ ਸਿੰਘ ਬਰਾੜ ਕੋਲ ਹੈ।




