ਦਿੱਲੀ ਰੈਲੀ ਦੀਆਂ ਤਿਆਰੀਆਂ ਜੋਸ਼ੋ-ਖਰੋਸ਼ ਨਾਲ ਸਿਖਰਾਂ ਵੱਲ : ਕੁਲਦੀਪ, ਜਗਜੀਤ

0
7

ਨਿਹਾਲ ਸਿੰਘ ਵਾਲਾ (ਲਵਲੀ ਕੁਮਾਰ)
ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪੂਰੇ ਦੇਸ਼ ਵਿੱਚ 6 ਤੋਂ 15 ਅਗਸਤ ਤੱਕ ਕੀਤੀ ਗਈ ਪਦ ਯਾਤਰਾ ਵੱਲੋਂ ਅੱਜ ਦੇਸ਼ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ ।ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਗਰਾਉਂਡ ਵਿੱਚ ਕੀਤੀ ਜਾ ਰਹੀ ਦੇਸ਼ ਪੱਧਰੀ ਰੈਲੀ ਦੀਆਂ ਤਿਆਰੀਆਂ ਪੂਰੇ ਜੋਸ਼ੋ-ਖਰੋਸ਼ ਨਾਲ ਚੱਲ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਤੇ ਕੰਟਰੋਲ ਕਮਿਸ਼ਨ ਪੰਜਾਬ ਦੇ ਮੈਂਬਰ ਜਗਜੀਤ ਸਿੰਘ ਨੇ ਇਲਾਕਾ ਕਮੇਟੀ ਦੀ ਮੀਟਿੰਗ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਵੱਲੋਂ ਲੋਕ ਪੱਖੀ ਮੰਗਾਂ ਲਿਖ ਕੇ ਤਿਆਰ ਕੀਤੀ ਗਈ ਗੱਡੀ ਤੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਬਣਾਇਆ ਗਿਆ।ਦੇਸ਼ ਵਿੱਚ ਰਾਜ ਕਰਦੀ ਧਿਰ ਦੀਆਂ ਨੀਤੀਆਂ ਕਿਵੇਂ ਲੋਕ ਵਿਰੋਧੀ ਹਨ, ਇਹ ਦੱਸਦਿਆਂ ਜਥੇ ਨੇ ਲੋਕ ਹਿੱਤਾਂ ਦੀਆਂ ਮੰਗਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਦਿੱਲੀ ‘ਬਦਲਾਅ ਰੈਲੀ’ ਦੀ ਵਿਆਖਿਆ ਕਰਦਿਆਂ ਆਗੂਆਂ ਕਿਹਾ ਕਿ ਇਹ ਨੀਤੀਆਂ ਲੋਕ ਵਿਰੋਧੀ ਹਨ।ਭਾਰਤੀ ਕਮਿਊਨਿਸਟ ਪਾਰਟੀ ਇਹ ਸੋਚਦੀ ਹੈ ਕਿ ਇਹਨਾਂ ਸਾਰੀਆਂ ਨੀਤੀਆਂ ਵਿੱਚ ਬਦਲਾਅ ਹੋਣਾ ਚਾਹੀਦਾ ਹੈ।ਅੱਜ ਦੇਸ਼ ਵਿੱਚ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ, ਖੇਤੀ ਸੈਕਟਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦਿੱਤੀ ਜਾ ਰਹੀ ਹੈ, ਸਿਹਤ ਦੇ ਖੇਤਰ ਵਿੱਚ ਦਵਾਈਆਂ ਦੀ ਕਾਲਾਬਜ਼ਾਰੀ ਹੈ।ਵਿਦਿਆ ਦਾ ਮਿਆਰ ਦਿਨ-ਬ-ਦਿਨ ਗਿਰਦਾ ਜਾ ਰਿਹਾ ਹੈ, ਵਿਗਿਆਨਕ ਹੋਣ ਦੀ ਬਜਾਏ ਰੂੜ੍ਹੀਵਾਦੀ ਹੋ ਰਹੀ ਹੈ।ਦੇਸ਼ ਵਿੱਚ ਬੇਰੁਜ਼ਗਾਰੀ ਵੱਡੇ ਪੱਧਰ ‘ਤੇ ਫੈਲੀ ਹੋਈ ਹੈ। ਸਰਕਾਰਾਂ ਨਵੀ ਉਸਾਰੀ ਦੀ ਬਜਾਏ ਪਹਿਲਾਂ ਉਸਰਿਆ ਢਾਂਚਾ ਵੀ ਵੇਚਣ ਵੱਲ ਤੁਰੀਆਂ ਹੋਈਆਂ ਹਨ। ਆਪਣੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਉਤਪਾਦਨ ਢਾਂਚਾ ਖੜਾ ਕਰਨ ਦੀ ਬਜਾਏ ਬਾਹਰੀ ਤਾਕਤਾਂ ਨੂੰ ਏਥੇ ਕਾਬਜ਼ ਹੋਣ ਦੇ ਸੱਦੇ ਦਿੱਤੇ ਜਾ ਰਹੇ ਹਨ। ਭਾਰਤੀ ਕਮਿਊਨਿਸਟ ਪਾਰਟੀ ਇਹ ਸੋਚਦੀ ਹੈ ਇਹ ਜੋ ਅੱਜ ਚੱਲ ਰਿਹਾ ਹੈ, ਇਹ ਲੋਕ-ਵਿਰੋਧੀ ਹੈ, ਇਸ ਨਾਲ ਦੇਸ਼ ਗਰੀਬੀ ਤੇ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ, ਇਸ ਲਈ ਬਦਲਾਅ ਜ਼ਰੂਰੀ ਹੈ। ਭਾਰਤੀ ਕਮਿਊਨਿਸਟ ਪਾਰਟੀ ਮੰਗ ਕਰਦੀ ਹੈ ਕਿ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਰਿਹਾਅ ਕਰੋ, ਮਿਆਰੀ/ਵਿਗਿਆਨਕ ਸਿੱਖਿਆ, ਸਿਹਤ ਅਤੇ ਹਰ ਇੱਕ ਲਈ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਹੋਵੇ ।ਸਾਰੀਆਂ ਫਸਲਾਂ ‘ਤੇ ਐੱਮ ਐੱਸ ਪੀ ਦੀ ਗਰੰਟੀ ਹੋਵੇ। ਪੁਰਾਣੇ ਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ।10 ਏਕੜ ਤੋਂ ਘੱਟ ਵਾਲੇ ਕਿਸਾਨ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ।ਪੰਜਾਬ ਦੇ ਪਾਣੀਆਂ ਦੀ ਰੱਖਿਆ ਅਤੇ ਕੁਦਰਤੀ ਸਰੋਤਾਂ ਦੇ ਪਾਣੀਆਂ ਦੀ ਸਾਂਭ-ਸੰਭਾਲ ਕੀਤੀ ਜਾਵੇ। ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਫਿਰਕਾਪ੍ਰਸਤੀ-ਨਫ਼ਰਤ ਅਤੇ ਜਾਤ-ਪਾਤ ਦੀ ਰਾਜਨੀਤੀ ਦਾ ਖਾਤਮਾ ਹੋਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਹੋਵੇ। ਪੰਜਾਬੀ ਬੋਲਦੇ ਖਿੱਤੇ ਪੰਜਾਬ ਨੂੰ ਦਿੱਤੇ ਜਾਣ।
ਆਗੂਆਂ ਕਿਹਾ ਕਿ ਪਾਰਟੀ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਜਿਨ੍ਹਾਂ ਹਾਲਤਾਂ ਵਿੱਚ ਇਹਨਾਂ ਹਾਕਮਾਂ ਨੇ ਅੱਜ ਦੇਸ਼ ਨੂੰ ਲਿਆ ਖੜਾ ਕੀਤਾ ਹੈ, ਸਾਡਾ ਫਰਜ਼ ਹੈ ਕਿ ਆਓ ਇੱਕ ਹੰਭਲਾ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਮਾਰੀਏ। ਪਹਿਲੀ ਸਤੰਬਰ ਨੂੰ ਦਿੱਲੀ ਦੀ ਰਾਮਲੀਲ੍ਹਾ ਗਰਾਉਂਡ ਵਿੱਚ ਇਕੱਠੇ ਹੋਈਏ। ਇਸ ਮੌਕੇ ਸੁਖਦੇਵ ਸਿੰਘ ਭੋਲਾ, ਗੁਰਦਿੱਤ ਸਿੰਘ ਦੀਨਾ, ਮਹਿੰਦਰ ਸਿੰਘ ਧੂੜਕੋਟ, ਕੇਵਲ ਸਿੰਘ ਰਾਊਕੇ, ਸਤਵੰਤ ਸਿੰਘ ਖੋਟੇ, ਬੂਟਾ ਸਿੰਘ ਰਾਊਕੇ, ਮੁਕੰਦ ਸਿੰਘ ਕੁੱਸਾ, ਗੁਰਪ੍ਰੀਤ ਕੌਰ ਬੀੜ ਰਾਊਕੇ, ਸਿਕੰਦਰ ਸਿੰਘ ਮਧੇਕੇ, ਨਵਜੋਤ ਕੌਰ ਬਿਲਾਸਪੁਰ ਤੇ ਸੰਦੀਪ ਕੌਰ ਬੀੜ ਰਾਊਕੇ ਆਦਿ ਆਗੂ ਹਾਜ਼ਰ ਸਨ।