ਯੂ ਪੀ ਦੇ ਭ੍ਰਿਸ਼ਟਾਚਾਰ ਦੀ ਬਾਤ ਪਾਉਣ ਵਾਲੇ ਪੱਤਰਕਾਰ ਖਿਲਾਫ ਐੱਫ ਆਈ ਆਰ

0
4

ਗਾਜ਼ੀਆਬਾਦ (ਨ ਜ਼ ਸ)
ਪੱਤਰਕਾਰ ਅਭਿਸ਼ੇਕ ਉਪਾਧਿਆਏ ਵਿਰੁੱਧ ਗਾਜ਼ੀਆਬਾਦ ਵਿੱਚ ਕਥਿਤ ਰੋਡ-ਰੇਜ ਘਟਨਾ ਨੂੰ ਲੈ ਕੇ ਐੱਫ ਆਈ ਆਰ ਦਰਜ ਕੀਤੀ ਗਈ ਹੈ। ਉਸ ਨੇ ਕਿਹਾ ਹੈ ਕਿ ਇਹ ਅਯੁੱਧਿਆ ਵਿੱਚ ਰਾਮ ਮੰਦਰ ਦੇ ਚੜ੍ਹਾਵੇ ਵਿੱਚ ਚੋਰੀ ਅਤੇ ਯੂ ਪੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਬਾਰੇ ਉਸ ਦੀਆਂ ਰਿਪੋਰਟਾਂ ਨੂੰ ਲੈ ਕੇ ਬਦਲੇ ਦੀ ਕਾਰਵਾਈ ਹੈ। ਉਪਾਧਿਆਏ, ਜੋ ਯੂਟਿਊਬ ਚੈਨਲ ‘ਟੌਪ ਸੀਕਰੇਟ’ ਚਲਾਉਂਦਾ ਹੈ, ਨੇ ਕਿਹਾ ਕਿ ਇੱਕ ਪੁਲਸ ਟੀਮ 20 ਅਗਸਤ ਨੂੰ ਦੇਰ ਰਾਤ ਉਸ ਦੇ ਘਰ ਪਹੁੰਚੀ ਅਤੇ ਉਸ ਨੂੰ ਦੱਸਿਆ ਕਿ ਰੋਡ ਰੇਜ ਅਤੇ ਦੁਰਵਿਹਾਰ ਦੇ ਦੋਸ਼ਾਂ ਤੋਂ ਬਾਅਦ ਇੰਦਰਾਪੁਰਮ ਪੁਲਸ ਸਟੇਸ਼ਨ ਵਿੱਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਪਾਧਿਆਏ ਮੁਤਾਬਕ ਇਹ ਕਥਿਤ ਘਟਨਾ 18 ਅਗਸਤ ਨੂੰ ਸ਼ਿਪਰਾ ਮਾਲ ਨੇੜੇ ਵਾਪਰੀ, ਜਦੋਂ ਇੱਕ ਮੋਟਰਸਾਈਕਲ ਸਵਾਰ ਨੇ ਉਸ ਦੀ ਕਾਰ ਨੂੰ ਛੂਹ ਲਿਆ। ਉਸ ਵਿਅਕਤੀ ਨੇ ਬਾਅਦ ਵਿੱਚ ਪੁਲਸ ਐਮਰਜੈਂਸੀ ਹੈਲਪਲਾਈਨ 112 ‘ਤੇ ਫੋਨ ਕੀਤਾ ਅਤੇ ਇਸ ਤੋਂ ਬਾਅਦ ਐੱਫ ਆਈ ਆਰ ਦਰਜ ਕਰ ਲਈ ਗਈ।
ਉਪਾਧਿਆਏ ਨੇ ਦੋਸ਼ ਲਗਾਇਆ ਕਿ ਪੁਲਸ ਟੀਮ ਸੰਭਾਵਤ ਤੌਰ ‘ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਆਈ ਸੀ। ਉਸ ਨੇ ਗਾਜ਼ੀਆਬਾਦ ਪੁਲਸ ਨੂੰ ਕਥਿਤ ਘਟਨਾ ਦੀ ਸੀ ਸੀ ਟੀ ਵੀ ਫੁਟੇਜ਼ ਜਾਰੀ ਕਰਨ ਦੀ ਚੁਣੌਤੀ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਘਟਨਾ ਪਲਾਂਟ ਕੀਤੀ ਗਈ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਸ ਉਸ ਦੀ ਕਾਰ ਲੈ ਗਈ ਸੀ। ਉਸ ਨੇ ਕਿਹਾ ਕਿ ਇਹ ਕਾਰ ਉਸ ਨੂੰ ਇੱਕ ਚੈਨਲ ਨੇ ਤੋਹਫੇ ਵਿੱਚ ਦਿੱਤੀ ਸੀ, ਜਿਸ ਦੇ ਲਈ ਉਸ ਨੇ ਯੂਕਰੇਨ ਯੁੱਧ ਦੀ ਕਵਰੇਜ ਲਈ ਕੰਮ ਕੀਤਾ ਸੀ। ਉਪਾਧਿਆਏ ਨੇ ਕਿਹਾ ਕਿ ਉਸ ਨੂੰ ਪੁਲਸ ਨੇ ਐੱਫ ਆਈ ਆਰ ਦੀ ਕਾਪੀ ਨਹੀਂ ਦਿੱਤੀ। ਉਸ ਨੇ ਯੂ ਪੀ ਦੇ ਵੱਖ-ਵੱਖ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੀਆਂ ਆਪਣੀਆਂ 10 ਪ੍ਰਮੁੱਖ ਕਹਾਣੀਆਂ ਵੀ ਪੋਸਟ ਕੀਤੀਆਂ ਹਨ, ਜੋ ਉਸ ਨੇ ਆਪਣੇ ਯੂਟਿਊਬ ਚੈਨਲ ‘ਤੇ ਦਿਖਾਈਆਂ ਸਨ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ, ਸਮਾਜਵਾਦੀ ਪਾਰਟੀ ਦੇ ਨੇਤਾ ਤੇ ਸਾਬਕਾ ਮੰਤਰੀ ਪਵਨ ਪਾਂਡੇ ਅਤੇ ਕਾਂਗਰਸ ਦੀ ਕੌਮੀ ਤਰਜਮਾਨ ਪ੍ਰਿਯੰਕਾ ਭਾਰਤੀ ਸਮੇਤ ਕਈ ਨੇਤਾਵਾਂ ਨੇ ਉਪਾਧਿਆਏ ਦੀ ਹਮਾਇਤ ਕੀਤੀ ਹੈ।